ਲਟਕਦੀਆਂ ਬਿਜਲੀ ਦੀਆਂ ਤਾਰਾਂ ਅਤੇ ਟੁੱਟੇ ਖੰਭੇ ਦੇ ਰਹੇ ਨੇ ਵੱਡੇ ਹਾਦਸੇ ਨੂੰ ਸੱਦਾ
ਲਟਕਦੀਆਂ ਬਿਜਲੀ ਦੀਆਂ ਤਾਰਾਂ ਅਤੇ ਟੁੱਟੇ ਖੰਭੇ ਦੇ ਰਹੇ ਨੇ ਵੱਡੇ ਹਾਦਸੇ ਨੂੰ ਸੱਦਾ
Publish Date: Sun, 31 May 2026 03:55 PM (IST)
Updated Date: Sun, 31 May 2026 03:56 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਅੰਦਰ ਬਿਜਲੀ ਦੀਆਂ ਢਿੱਲੀਆਂ ਤਾਰਾਂ, ਖੰਭਿਆਂ ਤ’ ਲੱਗੇ ਤਾਰਾਂ ਦੇ ਜਾਲ ਅਤੇ ਟੁੱਟੇ ਹੋਏ ਖੰਭੇ ਆਮ ਲੋਕਾਂ ਦੀ ਜਾਨ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਬਿਜਲੀ ਦੇ ਬਕਸਿਆਂ (ਮੀਟਰ ਬਾਕਸਾਂ) ਤੋਂ ਹੇਠਾਂ ਲਮਕ ਕੇ ਜ਼ਮੀਨ ਨੂੰ ਛੂਹ ਰਹੀਆਂ ਬਿਜਲੀ ਦੀਆਂ ਤਾਰਾਂ ਕਾਰਨ ਸ਼ਹਿਰ ਵਾਸੀਆਂ ’ਚ ਹਰ ਵੇਲੇ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ। ਬਾਰਿਸਾਂ ਦੇ ਮੌਸਮ ’ਚ ਇਹ ਤਾਰਾਂ ਪਾਣੀ ਵਿੱਚ ਡੁੱਬ ਜਾਂਦੀਆਂ ਹਨ, ਜਿਸ ਕਾਰਨ ਇਲਾਕੇ ’ਚ ਕਰੰਟ ਫੈਲਣ ਅਤੇ ਕੋਈ ਵੱਡਾ ਜਾਨੀ ਨੁਕਸਾਨ ਹੋਣ ਦਾ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ। ਤਾਰਾਂ ਦਾ ਮੱਕੜਜਾਲ ਬਣਿਆ ਸਿਰਦਰਦੀ ਬਿਜਲੀ ਬਕਸਿਆਂ ਤੋਂ ਇਲਾਵਾ ਸ਼ਹਿਰ ਦੇ ਬਿਜਲੀ ਖੰਬਿਆਂ ਉੱਪਰ ਵੀ ਤਾਰਾਂ ਦੇ ਭਾਰੀ ਜੰਜਾਲ ਬਣੇ ਹੋਏ ਹਨ। ਇਨ੍ਹਾਂ ’ਚ ਬਿਜਲੀ ਦੀਆਂ ਤਾਰਾਂ, ਇੰਟਰਨੈੱਟ ਦੀਆਂ ਕੇਬਲਾਂ, ਟੈਲੀਫੋਨ ਦੀਆਂ ਤਾਰਾਂ ਅਤੇ ਹੋਰ ਕਈ ਨਿੱਜੀ ਕੰਪਨੀਆਂ ਦੀਆਂ ਤਾਰਾਂ ਆਪਸ ’ਚ ਇਸ ਕਦਰ ਮਿਕਸ ਹੋ ਚੁੱਕੀਆਂ ਹਨ ਕਿ ਇਹ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿਹੜੀ ਤਾਰ ਬਿਜਲੀ ਦੀ ਹੈ। ਕਈ ਵਾਰ ਤਾਂ ਖ਼ਰਾਬੀ ਠੀਕ ਕਰਨ ਆਏ ਬਿਜਲੀ ਮੁਲਾਜ਼ਮਾਂ ਨੂੰ ਵੀ ਅਸਲੀ ਤਾਰ ਲੱਭਣ ’ਚ ਘੰਟਿਆਂ ਬੱਧੀ ਮੁਸ਼ੱਕਤ ਕਰਨੀ ਪੈਂਦੀ ਹੈ। ਵਾਹਨਾਂ ’ਚ ਫਸ ਕੇ ਟੁੱਟ ਰਹੀਆਂ ਨੀਵੀਂਆਂ ਤਾਰਾਂ ਸ਼ਹਿਰ ਦੇ ਪ੍ਰਮੁੱਖ ਹਿੱਸਿਆਂ ਜਿਵੇਂ ਕਿ ਗੋਨਿਆਣਾ, ਅਬੋਹਰ ਰੋਡ, ਰਾਮਬਾੜਾ ਬਾਜ਼ਾਰ, ਬਿਜਲੀ ਵਾਲਾ ਖੂਹ ਅਤੇ ਬੂੜਾ ਗੁੱਜਰ ਰੋਡ ਤੇ ਜ਼ਿਆਦਾਤਰ ਬਿਜਲੀ ਦੀਆਂ ਤਾਰਾਂ ਬਹੁਤ ਢਿੱਲੀਆਂ ਅਤੇ ਨੀਵੀਂਆਂ ਹਨ। ਲੰਘਣ ਵਾਲੇ ਟਰੱਕ ਜਾਂ ਹੋਰ ਉੱਚੇ ਵਾਹਨਾਂ ’ਚ ਅੜ ਕੇ ਇਹ ਤਾਰਾਂ ਅਕਸਰ ਟੁੱਟ ਜਾਂਦੀਆਂ ਹਨ। ਤਾਰਾਂ ਟੁੱਟਣ ਕਾਰਨ ਘਰੇਲੂ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਬਾਵਜੂਦ ਬਿਜਲੀ ਮੁਲਾਜ਼ਮ ਕਈ ਵਾਰ ਚਾਰ-ਚਾਰ ਘੰਟੇ ਤਾਰ ਠੀਕ ਕਰਨ ਨਹੀਂ ਪਹੁੰਚਦੇ। ਇਸ ਭਿਆਨਕ ਗਰਮੀ ’ਚ ਬਿਜਲੀ ਗੁੱਲ ਰਹਿਣ ਕਾਰਨ ਘਰਾਂ ’ਚ ਬੈਠੇ ਬੱਚਿਆਂ ਅਤੇ ਬਜ਼ੁਰਗਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਟੁੱਟੇ ਖੰਭੇ ਬਣੇ ਆਫ਼ਤ, ਗੋਨਿਆਣਾ ਰੋਡ ਗਲੀ ਨੰਬਰ 8 ਦੀ ਹਾਲਤ ਖ਼ਸਤਾ ਸ਼ਹਿਰ ਅੰਦਰ ਸਿਰਫ਼ ਤਾਰਾਂ ਹੀ ਨਹੀਂ, ਸਗੋਂ ਕਈ ਜਗ੍ਹਾ ਬਿਜਲੀ ਦੇ ਖੰਭੇ ਵੀ ਬੁਰੀ ਤਰ੍ਹਾਂ ਟੁੱਟੇ ਹੋਏ ਹਨ, ਜੋ ਕਿਸੇ ਵੇਲੇ ਵੀ ਡਿੱਗ ਸਕਦੇ ਹਨ। ਖ਼ਾਸ ਕਰਕੇ ਗੋਨਿਆਣਾ ਰੋਡ ਦੀ ਗਲੀ ਨੰਬਰ 08 ਵਿੱਚ ਪਿਛਲੇ ਲੰਬੇ ਸਮੇਂ ਤੋਂ ਇੱਕ ਖੰਭਾ ਟੁੱਟਿਆ ਹੋਇਆ ਹੈ, ਜਿਸ ਵੱਲ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਟੁੱਟਿਆ ਖੰਭਾ ਕਿਸੇ ਵੱਡੇ ਹਾਦਸੇ ਨੂੰ ਸਿੱਧਾ ਸੱਦਾ ਦੇ ਰਿਹਾ ਹੈ। ਸਮੱਸਿਆ ਦਾ ਜਲਦ ਹੱਲ ਕੱਢਣ ਦੀ ਮੰਗ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸ਼ਹਿਰ ਨਿਵਾਸੀ ਰਾਜ ਕੁਮਾਰ, ਵਿਪਨ ਕੁਮਾਰ, ਬਲਦੇਵ ਸਿੰਘ, ਰਾਜੂ ਸਿੰਘ, ਅਸ਼ੋਕ ਕੁਮਾਰ, ਬਿੱਟੂ, ਅਮਨਦੀਪ ਸਿੰਘ, ਬਿੰਦਰ ਸਿੰਘ ਨੇ ਬਿਜਲੀ ਵਿਭਾਗ (ਪਾਵਰਕਾਮ) ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਬਿਜਲੀ ਦੀਆਂ ਢਿੱਲੀਆਂ ਅਤੇ ਨੀਵੀਂਆਂ ਤਾਰਾਂ ਨੂੰ ਤੁਰੰਤ ਕੱਸ ਕੇ ਠੀਕ ਕੀਤਾ ਜਾਵੇ, ਬਕਸਿਆਂ ਤੋਂ ਹੇਠਾਂ ਜ਼ਮੀਨ ਨਾਲ ਲੱਗਦੀਆਂ ਤਾਰਾਂ ਨੂੰ ਉੱਚਾ ਕੀਤਾ ਜਾਵੇ ਤਾਂ ਜੋ ਇਹ ਬੱਚਿਆਂ ਦੀ ਪਹੁੰਚ ਤੋਂ ਦੂਰ ਰਹਿਣ, ਖੰਭਿਆਂ ’ਤੇ ਬਣੇ ਤਾਰਾਂ ਦੇ ਨਾਜਾਇਜ਼ ਜੰਜਾਲ ਨੂੰ ਹਟਾ ਕੇ ਤਾਰਾਂ ਨੂੰ ਸਹੀ ਢੰਗ ਨਾਲ ਵਿਵਸਥਿਤ ਕੀਤਾ ਜਾਵੇ ਅਤੇ ਗੋਨਿਆਣਾ ਰੋਡ ਸਣੇ ਸ਼ਹਿਰ ਦੇ ਸਮੁੱਚੇ ਟੁੱਟੇ ਹੋਏ ਖੰਭਿਆਂ ਨੂੰ ਪੁੱਟ ਕੇ ਤੁਰੰਤ ਨਵੇਂ ਖੰਭੇ ਲਗਾਏ ਜਾਣ। ਸ਼ਹਿਰ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਭਾਗ ਨੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਅਤੇ ਕੋਈ ਅਣਸੁਖਾਵੀਂ ਘਟਨਾ ਵਾਪਰੀ, ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਬਿਜਲੀ ਵਿਭਾਗ ਦੀ ਹੋਵੇਗੀ।