ਮੈਗਜ਼ੀਨ 'ਪੁੰਗਰਦੀਆਂ ਕਲਮਾਂ' ਦਾ ਤੀਜਾ ਅੰਕ ਲੋਕ ਅਰਪਣ
ਹੱਥ ਲਿਖਤ ਮੈਗਜ਼ੀਨ 'ਪੁੰਗਰਦੀਆਂ ਕਲਮਾਂ' ਦਾ ਤੀਜਾ ਅੰਕ ਡਿਪਟੀ ਕਮਿਸ਼ਨਰ ਫ਼ਰੀਦਕੋਟ ਵੱਲੋਂ ਲੋਕ-ਅਰਪਣ
Publish Date: Wed, 29 Apr 2026 04:36 PM (IST)
Updated Date: Thu, 30 Apr 2026 04:05 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ ਵਿਖੇ ਵਿੱਦਿਅਕ ਅਤੇ ਰਚਨਾਤਮਕ ਗਤੀਵਿਧੀਆਂ ਦੇ ਖੇਤਰ ਵਿੱਚ ਅੱਜ ਉਸ ਸਮੇਂ ਇੱਕ ਨਵਾਂ ਅਧਿਆਏ ਜੁੜ ਗਿਆ, ਜਦੋਂ ਸਕੂਲ ਦੇ ਸਾਲਾਨਾ ਹੱਥ-ਲਿਖਤ ਮੈਗਜ਼ੀਨ ਪੁੰਗਰਦੀਆਂ ਕਲਮਾਂ (ਅੰਕ ਤੀਜਾ) ਦਾ ਲੋਕ-ਅਰਪਣ ਮਾਨਯੋਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ, ਸਪੀਕਰ ਪੰਜਾਬ ਵਿਧਾਨ ਸਭਾ- ਸ. ਕੁਲਤਾਰ ਸਿੰਘ ਸੰਧਵਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਅੰਜਨਾ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼ੁਭਕਾਮਨਾਵਾਂ ਹੇਠ ਕੀਤਾ ਗਿਆ। ਇਸ ਸੈਸ਼ਨ 2025-26 ਦਾ ਮੈਗਜ਼ੀਨ ਰਾਸ਼ਟਰੀ ਕਬੱਡੀ ਖਿਡਾਰਨ-ਸੰਘਰਸ਼ ਅਤੇ ਸਫਲਤਾ ਦਾ ਪ੍ਰਤੀਕ: ਜਸ਼ਨਪ੍ਰੀਤ ਕੌਰ ਦੀਆਂ ਪ੍ਰਾਪਤੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇੱਕ ਸਾਧਾਰਨ ਅਤੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਵਿੱਚੋਂ ਉੱਠ ਕੇ ਰਾਸ਼ਟਰੀ ਪੱਧਰ ਤੱਕ ਦਾ ਸਫਰ ਤੈਅ ਕਰਨ ਵਾਲੀ ਜਸ਼ਨਪ੍ਰੀਤ ਅੱਜ ਦੀਆਂ ਧੀਆਂ ਅਤੇ ਨੌਜਵਾਨਾਂ ਲਈ ਚਮਕਦਾ ਦੀਵਾ ਹੈ। ਡਿਪਟੀ ਕਮਿਸ਼ਨਰ ਨੇ ਸਕੂਲ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਾਤਾਵਰਣ ਸੰਭਾਲ ਪ੍ਰਤੀ ਸਕੂਲ ਦੇ ਯੋਗਦਾਨ ਨੂੰ ਦੂਜੇ ਅਦਾਰਿਆਂ ਲਈ ਇੱਕ ਮਿਸਾਲ ਦੱਸਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਜਸ਼ਨਪ੍ਰੀਤ ਦੀ ਦ੍ਰਿੜਤਾ ਨੂੰ ਪੰਜਾਬ ਦੀਆਂ ਹਜ਼ਾਰਾਂ ਧੀਆਂ ਲਈ ਪ੍ਰੇਰਨਾ ਸਰੋਤ ਦੱਸਿਆ। ਡੀ.ਈ.ਓ. ਅੰਜਨਾ ਕੌਸ਼ਲ ਜੀ ਨੇ ਸਕੂਲ ਦੇ ਇਸ ਸਾਹਿਤਕ ਮੰਚ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਸਕੂਲ ਮੈਗਜ਼ੀਨ ਨੂੰ ਈ-ਮੈਗਜ਼ੀਨ ਦਾ ਰੂਪ ਦੇ ਕੇ ਕਿਊ ਆਰ ਕੋਡ ਜਨਰੇਟ ਕਰਕੇ ਹਰ ਵਿਦਿਆਰਥੀ ਅਤੇ ਮਾਪਿਆਂ ਤੱਕ ਪਹੁੰਚਾਉਣ ਲਈ ਅਮਨਦੀਪ ਸਿੰਘ ਅਤੇ ਧਰਮਿੰਦਰ ਸਲੋਤਰਾ ਜੀ ਨੇ ਅਹਿਮ ਭੂਮਿਕਾ ਨਿਭਾਈ। ਪ੍ਰਿੰਸੀਪਲ ਦੀ ਕਲਮ ਤੋਂ-ਮਿਹਨਤ ਦੀ ਸਿਆਹੀ ਨਾਲ ਲਿਖੀ ਸੁਨਹਿਰੀ ਇਬਾਰਤ ਸੰਬੰਧੀ ਮਨਿੰਦਰ ਕੌਰ ਨੇ ਆਪਣੇ ਸੰਦੇਸ਼ ਵਿੱਚ ਮਾਂ ਬੋਲੀ ਦੇ ਮਾਣ ਅਤੇ ਕੁਦਰਤ ਦੀ ਸੇਵਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੈਗਜ਼ੀਨ ਸਿਰਫ਼ ਕਾਗਜ਼ਾਂ ਦਾ ਸੰਗ੍ਰਹਿ ਨਹੀਂ, ਸਗੋਂ ਸਾਂਝੀ ਮਿਹਨਤ ਦਾ ਪ੍ਰਤੀਕ ਹੈ। ਉਹਨਾਂ ਕਿਹਾ, ਅਸੀਂ ਸਿਰਫ਼ ਕਿਤਾਬਾਂ ਹੀ ਨਹੀਂ ਪੜ੍ਹ ਰਹੇ, ਸਗੋਂ ਮਾਨਵਤਾ ਅਤੇ ਕੁਦਰਤ ਦੀ ਸੇਵਾ ਕਰਨਾ ਵੀ ਸਿੱਖ ਰਹੇ ਹਾਂ। ਇਸ ਮੈਗਜ਼ੀਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਪੂਰੀ ਤਰ੍ਹਾਂ ਹੱਥ-ਲਿਖਤ ਹੈ। ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਆਪਣੀ ਸੁਹਜ-ਮਈ ਲਿਖਾਈ ਅਤੇ ਕਲਾਤਮਕ ਸ਼ੈਲੀ ਰਾਹੀਂ ਇਸ ਨੂੰ ਇੱਕ ਯਾਦਗਾਰੀ ਦਸਤਾਵੇਜ਼ ਦਾ ਰੂਪ ਦਿੱਤਾ ਹੈ। ਵਿਦਿਆਰਥੀਆਂ ਅਤੇ ਸਟਾਫ਼ ਨੇ ਆਪਣੀ ਕੈਲੀਗ੍ਰਾਫੀ ਰਾਹੀਂ ਵਾਤਾਵਰਣ ਸੰਭਾਲ ਦਾ ਹੋਕਾ ਦਿੱਤਾ ਹੈ। ਮੈਗਜ਼ੀਨ ਵਿੱਚ ਸਕੂਲ ਨੂੰ ਲਗਾਤਾਰ ਦੂਜੀ ਵਾਰ ਮਿਲੇ ਗ੍ਰੀਨ ਸਕੂਲ ਸਰਟੀਫਿਕੇਟ ਦਾ ਵਿਸ਼ੇਸ਼ ਜ਼ਿਕਰ ਹੈ। ਸਕੂਲ ਵਿੱਚ ਊਰਜਾ ਦੀ ਬਚਤ, ਰੇਨ ਵਾਟਰ ਹਾਰਵੈਸਟਿੰਗ, ਅਤੇ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਸਾਈਕਲ, ਈ-ਵ੍ਹੀਕਲ ਅਤੇ ਕਾਰ-ਪੂਲਿੰਗ ਅਤੇ ਵਿਦਿਆਰਥੀਆਂ ਦੀਆਂ ਟੀਮਾਂ ਵੱਲੋਂ ਕੀਤੇ ਗਏ ਐਨਰਜੀ ਆਡਿਟ ਵਰਗੇ ਵਾਤਾਵਰਣ ਪੱਖੀ ਕਾਰਜਾਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਹੈ ਅਤੇ ਇਹਨਾਂ ਠੋਸ ਉਪਰਾਲਿਆਂ ਨੂੰ ਮੈਗਜ਼ੀਨ ਦੇ ਪੰਨਿਆਂ ਤੇ ਖ਼ੂਬਸੂਰਤ ਢੰਗ ਨਾਲ ਚਿਤਰਿਆ ਗਿਆ ਹੈ। ਮਨਿੰਦਰ ਕੌਰ ਨੇ ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਅਤੇ ਪਤਵੰਤੇ ਸੱਜਣਾਂ ਨੇ ਇਸ ਸਾਹਿਤਕ ਅਤੇ ਵਾਤਾਵਰਣ ਪੱਖੀ ਕਾਰਜ ਦੀ ਸ਼ਲਾਘਾ ਕੀਤੀ। ੳਹਨਾਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮੈਗਜ਼ੀਨ ਸਾਡੇ ਬੱਚਿਆਂ ਦੀਆਂ ਸਿਰਜਣਾਤਮਕ ਭਾਵਨਾਵਾਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਪ੍ਰਤੀਕ ਹੈ। ਇਸ ਮੌਕੇ ਸਮੂਹ ਸਟਾਫ਼ ਮੈਂਬਰਾਂ ਨੇ ਮੈਗਜ਼ੀਨ ਦੇ ਸਫਲ ਪ੍ਰਕਾਸ਼ਨ ਅਤੇ ਰਿਲੀਜ਼ ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ।