ਗੁਰਵਿੰਦਰ ਕਤਲ ਕਾਂਡ: ਮੁਲਜ਼ਮ ਦੀ ਜ਼ਮਾਨਤ ਅਰਜ਼ੀ ਰੱਦ
ਪਿੰਡ ਸੁਖਨਵਾਲਾ ਵਿਚ ਕਰੀਬ
Publish Date: Tue, 12 May 2026 07:44 PM (IST)
Updated Date: Wed, 13 May 2026 04:10 AM (IST)

ਸ਼ਿਵ ਕੁਮਾਰ ਸ਼ਰਮਾ, ਪੰਜਾਬੀ ਜਾਗਰਣ ਫ਼ਰੀਦਕੋਟ : ਪਿੰਡ ਸੁਖਨਵਾਲਾ ’ਚ ਕਰੀਬ ਛੇ ਮਹੀਨੇ ਪਹਿਲਾਂ ਹੋਏ ਚਰਚਿਤ ਗੁਰਵਿੰਦਰ ਸਿੰਘ ਕਤਲ ਕਾਂਡ ਦੇ ਇਕ ਮੁਲਜ਼ਮ ਵਿਸ਼ਵਜੀਤ ਕੁਮਾਰ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ। ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੀਵ ਜੋਸ਼ੀ ਦੀ ਅਦਾਲਤ ਨੇ ਸੁਣਵਾਈ ਉਪਰੰਤ ਉਸ ਦੀ ਨਿਯਮਿਤ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਮੰਡੀ ਡੱਬਵਾਲੀ (ਹਰਿਆਣਾ) ਵਾਸੀ ਮੁਲਜ਼ਮ ਵਿਸ਼ਵਜੀਤ ਕੁਮਾਰ ਨੇ ਆਪਣੀ ਅਰਜ਼ੀ ’ਚ ਦਲੀਲ ਦਿੱਤੀ ਸੀ ਕਿ ਉਸ ਨੂੰ ਝੂਠੇ ਮਾਮਲੇ ’ਚ ਫ਼ਸਾਇਆ ਗਿਆ ਹੈ। ਬਚਾਅ ਪੱਖ ਨੇ ਕਿਹਾ ਕਿ ਪਛਾਣ ਪਰੇਡ ਸ਼ੱਕੀ ਢੰਗ ਨਾਲ ਕਰਵਾਈ ਗਈ, ਕਿਉਂਕਿ ਇਸ ’ਚ ਦੋ ਮੁਲਜ਼ਮਾਂ ਨਾਲ ਛੇ ਪੁਲਿਸ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਟੋਲ ਪਲਾਜ਼ਾ ਦੀ ਸੀਸੀਟੀਵੀ ਫੁਟੇਜ਼ ਦਾ ਘਟਨਾ ਨਾਲ ਕੋਈ ਸਿੱਧਾ ਸਬੰਧ ਨਾ ਹੋਣ ਦੀ ਗੱਲ ਵੀ ਅਦਾਲਤ ਅੱਗੇ ਰੱਖੀ ਗਈ। ਬਚਾਅ ਪੱਖ ਨੇ ਦਲੀਲ ਦਿੱਤੀ ਕਿ ਅਭਿਯੋਗ ਪੱਖ ਵੱਲੋਂ ਮੁਲਜ਼ਮ ਨੂੰ ਅਪਰਾਧ ਨਾਲ ਜੋੜਨ ਵਾਲਾ ਕੋਈ ਸਿੱਧਾ ਸਬੂਤ ਪੇਸ਼ ਨਹੀਂ ਕੀਤਾ ਗਿਆ। ਅਰਜ਼ੀ ’ਚ ਇਹ ਵੀ ਦਰਸਾਇਆ ਗਿਆ ਕਿ ਮੁਲਜ਼ਮ 4 ਦਸੰਬਰ 2025 ਤੋਂ ਨਿਆਂਇਕ ਹਿਰਾਸਤ ’ਚ ਜੇਲ੍ਹ ਅੰਦਰ ਬੰਦ ਹੈ ਅਤੇ ਮੁਕੱਦਮੇ ਦੇ ਨਿਪਟਾਰੇ ’ਚ ਲੰਬਾ ਸਮਾਂ ਲੱਗ ਸਕਦਾ ਹੈ, ਇਸ ਲਈ ਉਸ ਨੂੰ ਨਿਯਮਿਤ ਜ਼ਮਾਨਤ ਦਿੱਤੀ ਜਾਵੇ। ਦੂਜੇ ਪਾਸੇ ਸਰਕਾਰੀ ਪੱਖ ਨੇ ਅਦਾਲਤ ’ਚ ਦਲੀਲ ਦਿੱਤੀ ਕਿ ਮੁਲਜ਼ਮ ਖ਼ਿਲਾਫ਼ ਲੋੜੀਂਦੇ ਸਬੂਤ ਮੌਜੂਦ ਹਨ ਅਤੇ ਜੇਕਰ ਉਸ ਨੂੰ ਜ਼ਮਾਨਤ ਦਿੱਤੀ ਗਈ ਤਾਂ ਉਹ ਜਾਂਚ ਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਜ਼ਿਕਰਯੋਗ ਹੈ ਕਿ ਪਿੰਡ ਸੁਖਨਵਾਲਾ ’ਚ 28-29 ਨਵੰਬਰ 2025 ਦੀ ਰਾਤ ਗੁਰਵਿੰਦਰ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਉਸ ਦੀ ਲਾਸ਼ ਘਰ ਦੀ ਛੱਤ ’ਤੇ ਮਿਲੀ ਸੀ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਨੇ ਰੌਲਾ ਪਾ ਕੇ ਘਟਨਾ ਦੀ ਜਾਣਕਾਰੀ ਦਿੱਤੀ ਸੀ। ਬਾਅਦ ’ਚ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਰੁਪਿੰਦਰ ਕੌਰ ਦੇ ਕਥਿਤ ਪ੍ਰੇਮ ਸਬੰਧਾਂ ਕਾਰਨ ਗੁਰਵਿੰਦਰ ਸਿੰਘ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ। ਇਸ ਮਾਮਲੇ ’ਚ ਪੁਲਿਸ ਨੇ ਰੁਪਿੰਦਰ ਕੌਰ, ਉਸ ਦੇ ਕਥਿਤ ਪ੍ਰੇਮੀ ਹਰਕੰਵਲਪ੍ਰੀਤ ਸਿੰਘ, ਉਸ ਦੇ ਦੋਸਤ ਵਿਸ਼ਵਜੀਤ ਕੁਮਾਰ ਤੇ ਰੁਪਿੰਦਰ ਦੀ ਸਹੇਲੀ ਵੀਰਇੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਕੇ ਫ਼ਰਵਰੀ 2026 ’ਚ ਚਾਰਜਸ਼ੀਟ ਪੇਸ਼ ਕੀਤੀ ਸੀ।