ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਵਿਦਿਅਕ, ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਸੇਵਾ ਨਿਭਾਅ ਰਹੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖ਼ੇਤਰ ਜੈਤੋ ਵੱਲੋਂ ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਕਾਸ਼ ਸਿੰਘ ਜੈਤੋ ਨੇ ਦੱਸਿਆ ਕਿ ਇਸ ਸਮਾਰੋਹ ਵਿਚ ਵੱਖੋ-ਵੱਖ ਸਕੂਲਾਂ ਦੇ ਪ੍ਰਬੰਧਕ ਜਿਹਨਾਂ ਵਿਚ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਰਾੜ, ਸੰਤ ਬਾਬਾ ਨਰੈਣ ਸਿੰਘ ਪਬਲਿਕ ਸਕੂਲ ਆਕਲੀਆਂ ਕਲਾਂ ਦੇ ਪ੍ਰਿੰਸੀਪਲ ਪਰਮਜੀਤ ਕੌਰ ਬਰਾੜ, ਪ੍ਰੇਮ ਸਿੰਘ ਤਿਲਕ ਕੰਨਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ਪਿ੍ਰੰਸੀਪਲ ਚੰਚਲ ਲਤਾ, ਗੁਰੂ ਰਵਿਦਾਸ ਪਬਲਿਕ ਸਕੂਲ ਰਾਮੇਆਣਾ ਦੇ ਚੇਅਰਮੈਨ ਗੁਰਮੀਤ ਸਿੰਘ, ਨਿਊ ਮਾਲਵਾ ਪਬਲਿਕ ਸਕੂਲ ਮੱਲਣ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ, ਬਾਬਾ ਫ਼ਰੀਦ ਪਬਲਿਕ ਸਕੂਲ ਜੈਤੋ ਦੇ ਪ੍ਰਬੰਧਕ ਸੰਦੀਪ ਕੁਮਾਰ, ਦਸ਼ਮੇਸ਼ ਗਲੋਬਲ ਸਕੂਲ ਬਗਰਾੜੀ ਦੇ ਡੀ.ਪੀ.ਈ ਜਗਮੀਤ ਸਿੰਘ ਤੋਂ ਇਲਾਵਾ ਵੱਖੋੋ-ਵੱਖਰੇ ਸਕੂਲਾਂ ਤੋਂ ਪੰਜਾਹ ਦੇ ਕਰੀਬ ਉਹ ਅਧਿਆਪਕ ਸ਼ਾਮਿਲ ਹੋਏ, ਜਿਹੜੇ ਸਮੇਂ-ਸਮੇਂ ’ਤੇ ਸਟੱਡੀ ਸਰਕਲ ਦੇ ਸੇਵਾ ਕਾਰਜ਼ਾਂ ਵਿਚ ਸਹਿਯੋਗ ਕਰਦੇ ਆ ਰਹੇ ਹਨ। ਸਮਾਗਮ ਦੀ ਸ਼ੁਰੂਆਤ ਸੰਗੀਤ ਅਧਿਆਪਕ ਨਰਿੰਦਰਪਾਲ ਸਿੰਘ ਵੱਲੋਂ ਗਾਇਨ ਕੀਤੇ ਸ਼ਬਦ ਨਾਲ ਹੋਈ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖ਼ੇਤਰ ਜੈਤੋ ਦੇ ਪ੍ਰਧਾਨ ਤੇਜ ਸਿੰਘ ਨੇ ਆਏ ਹੋਏ ਅਧਿਆਪਕਾਂ ਨੂੰ ਜੀ ਆਇਆਂ ਨੂੰ ਕਿਹਾ। ਉਪਰੰਤ ਅਧਿਆਪਕ ਵਿੰਗ ਦੇ ਕੋਆਰਡੀਨੇਟਰ ਕਰਮਜੀਤ ਸਿੰਘ ਨੇ ਅਧਿਆਪਕਾਂ ਦੇ ਫ਼ਰਜ਼ ਵਿਸ਼ੇ ’ਤੇ ਵਿਚਾਰਾਂ ਦੀ ਸਾਂਝ ਪਾਈ। ਇਸ ਤੋਂ ਬਾਅਦ ਉਚੇਚੇ ਤੌਰ ’ਤੇ ਪਹੁੰਚੇ ਮਾਸਟਰ ਨਰਿੰਦਰਪਾਲ ਸਿੰਘ ਸ਼੍ਰੀ ਮੁਕਤਸਰ ਸਾਹਿਬ ਨੇ ਗੁਰਬਾਣੀ ਵਿਚੋਂ ਉਦਾਹਰਣਾਂ ਦੇ ਕੇ ਦੱਸਿਆ ਕਿ ਅੱਜ ਦਾ ਅਧਿਆਪਕ ਕਿਸ ਤਰ੍ਹਾਂ ਵਿਦਿਆਰਥੀਆਂ ਦਾ ਮਾਰਗ ਰੋਸ਼ਨ ਕਰਕੇ ਸਮਾਜ ਨੂੰ ਸੁਧਾਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ, ਸ਼੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਜ਼ੋਨ ਦੇ ਪ੍ਰਧਾਨ ਮਾਸਟਰ ਰਣਜੀਤ ਸਿੰਘ ਖੱਚੜਾਂ ਨੇ ਸਮਾਗਮ ਵਿਚ ਪਹੁੰਚੀਆਂ ਸਨਮਾਨਯੋਗ ਸਖਸ਼ੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਸਾਰੂ ਸਹਿਤ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਅਖ਼ੀਰ ਵਿਚ ਆਏ ਹੋਏ ਮਹਿਮਾਨਾਂ ਨੂੰ ਚਾਹ ਪਾਰਟੀ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੂੰ ਸਫ਼ਲ ਬਨਾਉਣ ਲਈ ਮਾਸਟਰ ਗੁਰਚਰਨ ਸਿੰਘ, ਖ਼ੇਤਰ ਸਕੱਤਰ ਕੁਲਵਿੰਦਰ ਸਿੰਘ, ਅਮਨਪ੍ਰੀਤ ਸਿੰਘ ਬਿਜਲੀ ਬੋਰਡ, ਡਾ. ਪ੍ਰਭਜੋਤ ਸਿੰਘ, ਬਾਬਾ ਵੀਰ ਸਿੰਘ ਇੰਚਾਰਜ਼ ਮੋਦੀਖਾਨਾ, ਕਰਮਦੀਪ ਸਿੰਘ ਸੂਰਘੂਰੀ, ਲਖਵਿੰਦਰ ਸ਼ਰਮਾ, ਦਵਿੰਦਰਪਾਲ ਸਿੰਘ ਆਦਿ ਸੇਵਾਦਾਰਾਂ ਦਾ ਵਿਸੇਸ਼ ਸਹਿਯੋਗ ਰਿਹਾ।