ਗੁਰੂ ਗੋਬਿੰਦ ਸਿੰਘ ਤੇ ਮਾਈ ਭਾਗੋ ਪਾਰਕ ਬਣਿਆ ਕੂੜਾ ਡੰਪ
ਗੁਰੂ ਗੋਬਿੰਦ ਸਿੰਘ ਅਤੇ ਮਾਈ ਭਾਗੋ ਪਾਰਕ ਬਣਿਆ ਕੂੜਾ ਡੰਪ
Publish Date: Wed, 29 Apr 2026 05:48 PM (IST)
Updated Date: Wed, 29 Apr 2026 05:52 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਗੁਰੂ ਗੋਬਿੰਦ ਸਿੰਘ ਅਤੇ ਚਾਲ੍ਹੀ ਮੁਕਤਿਆਂ ਦੀ ਪਵਿੱਤਰ ਧਰਤੀ ਉਪਰ ਬਣੇ ‘ਗੁਰੂ ਗੋਬਿੰਦ ਸਿੰਘ ਪਾਰਕ’ ਅਤੇ ‘ਮਾਤਾ ਭਾਗ ਕੌਰ ਪਾਰਕ’ ਦੀ ਹਾਲਤ ਅੱਜਕੱਲ੍ਹ ਬਦ ਤੋਂ ਬਦਤਰ ਹੋ ਚੁੱਕੀ ਹੈ। ਕਦੇ ਸੈਰਗਾਹ ਵਜੋਂ ਜਾਣੇ ਜਾਣ ਵਾਲੇ ਇੰਨ੍ਹਾਂ ਪਾਰਕਾਂ ਨੂੰ ਹੁਣ ਕੂੜਾ ਡੰਪ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ। ਇੰਨ੍ਹਾਂ ਤੋਂ ਬਿਨ੍ਹਾਂ ਸ਼ਹਿਰ ’ਚ ਹੋਰ ਕੋਈ ਪਾਰਕ ਨਹੀਂ ਹੈ। ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਅਤੇ ਕੁਝ ਸ਼ਹਿਰ ਵਾਸੀ ਪਿਛਲੇ ਲੰਮੇ ਸਮੇਂ ਤੋਂ ਇੱਥੇ ਗੰਦਗੀ ਸੁੱਟ ਰਹੇ ਹਨ, ਜਿਸ ਕਾਰਨ ਪੂਰੇ ਇਲਾਕੇ ’ਚ ਭਿਆਨਕ ਬਦਬੂ ਫੈਲੀ ਹੋਈ ਹੈ। ਸਭ ਤੋਂ ਵੱਡੀ ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਇਸ ਕੂੜੇ ਦੇ ਢੇਰ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਅੱਗ ਕਾਰਨ ਪੈਦਾ ਹੋਣ ਵਾਲਾ ਜ਼ਹਿਰੀਲਾ ਧੂੰਆਂ ਨੇੜਲੇ ਘਰਾਂ ਅਤੇ ਪਾਰਕ ’ਚ ਸੈਰ ਕਰਨ ਆਉਣ ਵਾਲੇ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ। ਛੋਟੇ ਬੱਚੇ, ਜੋ ਪਾਰਕ ’ਚ ਖੇਡਣ ਆਉਂਦੇ ਹਨ, ਇਸ ਪ੍ਰਦੂਸ਼ਣ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਹਨ। ਗੰਦਗੀ ਅਤੇ ਧੂੰਏਂ ਨਾਲ ਅਸਥਮਾ, ਬ੍ਰੌਨਕਾਈਟਿਸ ਅਤੇ ਫੇਫੜਿਆਂ ਦੀ ਇਨਫੈਕਸ਼ਨ, ਚਮੜੀ ਦੇ ਰੋਗ, ਐਲਰਜੀ ਅਤੇ ਖ਼ਾਰਸ਼, ਪੇਟ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੈ। ਖਤਰਨਾਕ ਪੱਖ ਇਹ ਹੈ ਕਿ ਕੂੜੇ ’ਤੇ ਪਲਣ ਵਾਲੀਆਂ ਮੱਖੀਆਂ ਅਤੇ ਮੱਛਰਾਂ ਕਾਰਨ ਹੈਜ਼ਾ, ਟਾਈਫਾਈਡ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਵਕੀਲ ਨਵਜੋਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਕੂੜੇ ਨੂੰ ਜਨਤਕ ਥਾਂ ਤੇ ਸੁੱਟਣਾ ਅਤੇ ਅੱਗ ਲਗਾਉਣਾ ਕਾਨੂੰਨੀ ਅਪਰਾਧ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ ਅਤੇ ਭਾਰਤੀ ਨਿਆਂ ਸੰਹਿਤਾ ਅਨੁਸਾਰ ਖੁੱਲ੍ਹੇ ਵਿੱਚ ਕੂੜਾ ਸਾੜਨਾ ਸਖ਼ਤ ਮਨ੍ਹਾ ਹੈ। ਇਹ ਨਿਯਮ ਸਥਾਨਕ ਸਰਕਾਰਾਂ ਨੂੰ ਕੂੜੇ ਦੇ ਸਹੀ ਨਿਪਟਾਰੇ ਲਈ ਜਵਾਬਦੇਹ ਬਣਾਉਂਦੇ ਹਨ। ਜਨਤਕ ਸਿਹਤ ਅਤੇ ਸੁਰੱਖਿਆ ਨੂੰ ਖ਼ਤਰੇ ’ਚ ਪਾਉਣ ਲਈ ਸਬੰਧਤ ਅਧਿਕਾਰੀਆਂ ਅਤੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਮੌਕੇ ਰਜਿੰਦਰ ਸਿੰਘ, ਮਨਜੀਤ ਸਿੰਘ, ਪ੍ਰਿੰਸ ਕੁਮਾਰ, ਗਿੱਲ, ਜਸਵੀਰ ਸਿੰਘ, ਮਹਿੰਦਰ ਸਿੰਘ ਅਤੇ ਵਿਨੋਦ ਕੁਮਾਰ ਨੇ ਪ੍ਰਸ਼ਾਸਨ ’ਤੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਜਲਦ ਹੀ ਇਸ ਕੂੜੇ ਦੇ ਡੰਪ ਨੂੰ ਇੱਥੋਂ ਨਾ ਹਟਾਇਆ ਅਤੇ ਅੱਗ ਲਗਾਉਣ ਦੀ ਪ੍ਰਕਿਰਿਆ ਨਾ ਰੋਕੀ ਤਾਂ ਉਹ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਦੌਰਾਨ ਕੌਂਸਲ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਥੇ ਆਰਜ਼ੀ ਤੌਰ ’ਤੇ ਕੂੜਾ ਇਕੱਠਾ ਕੀਤਾ ਜਾਂਦਾ ਹੈ ਜਿਥੋਂ ਰੋਜ਼ਾਨਾ ਕੂੜਾ ਚੁੱਕ ਕੇ ਨਿਰਧਾਰਤ ਥਾਂ ’ਤੇ ਸੁੱਟਿਆ ਜਾਂਦਾ ਹੈ। ਪਰ ਪਾਰਕ ’ਚ ਲੱਗੇ ਕਈ ਦਿਨਾਂ ਦੇ ਢੇਰ ਬਾਰੇ ਉਨ੍ਹਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ।