ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਧਰਮ ਪ੍ਰਚਾਰ ’ਚ ਅਹਿਮ ਭੂਮਿਕਾ ਨਿਭਾ ਰਿਹਾ : ਪੰਜ ਪਿਆਰੇ
ਮਾਲਵੇ ਦੀ ਧਰਤੀ ਉੱਤੇ ਸਥਿਤ
Publish Date: Sun, 19 Oct 2025 06:28 PM (IST)
Updated Date: Sun, 19 Oct 2025 06:29 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਮੋਗਾ : ਮਾਲਵੇ ਦੀ ਧਰਤੀ ਉੱਤੇ ਸਥਿਤ ਪਵਿੱਤਰ ਤੇ ਇਤਿਹਾਸਕ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦਪੁਰਾਣਾ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਹੁੰਚੇ ਪੰਜ ਪਿਆਰਿਆਂ ਦਾ ਨਿੱਘਾ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਹ ਸਮਾਗਮ ਸੱਚੀ ਗੁਰਸਿੱਖੀ ਅਤੇ ਗੁਰਮਤਿ ਦੇ ਪ੍ਰਚਾਰ ਨੂੰ ਸਮਰਪਿਤ ਸੀ ਜਿਸ ਵਿਚ ਖੇਤਰ ਦੀਆਂ ਕਈ ਸੰਗਤਾਂ ਨੇ ਭਾਗ ਲਿਆ। ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆਂ ਵੱਲੋਂ ਪੰਜ ਪਿਆਰਿਆਂ ਦਾ ਆਦਰ-ਸਨਮਾਨ ਸਿਰੋਪਾਓ ਪਾ ਕੇ ਕੀਤਾ ਗਿਆ। ਪੰਜ ਪਿਆਰਿਆਂ ਨੇ ਆਪਣੀ ਵਿਚਾਰਧਾਰਾ ਨਾਲ ਸੰਗਤਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਪਵਿੱਤਰ ਸਥਾਨ ਸਿਰਫ ਮਾਲਵੇ ਵਿਚ ਹੀ ਨਹੀਂ, ਬਲਕਿ ਸਾਰੇ ਪੰਜਾਬ ਵਿੱਚ ਧਾਰਮਿਕ ਪ੍ਰਚਾਰ ਅਤੇ ਸਮਾਜ ਸੇਵਾ ਦਾ ਕੇਂਦਰ ਬਣ ਚੁੱਕਾ ਹੈ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨਾਲ ਜੁੜੇ ਰਹਿਣਾ ਅਤੇ ਬਾਣੀ ਅਨੁਸਾਰ ਜੀਵਨ ਜਿਊਣਾ ਹੀ ਅਸਲ ਸੇਵਾ ਹੈ। ਉਨ੍ਹਾਂ ਕਿਹਾ ਕਿ ਇਸ ਤਪ ਅਸਥਾਨ ਦੀ ਸਥਾਪਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਲੋਕਾਂ ਤਕ ਪਹੁੰਚਾਉਣ ਅਤੇ ਗੁਰਮਤਿ ਸਿਧਾਂਤਾਂ ਨੂੰ ਜੀਵਨ ਦਾ ਅੰਗ ਬਣਾਉਣ ਲਈ ਕੀਤੀ ਗਈ ਸੀ। ਸੰਤ ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਗੁਰੂ ਘਰ ਨਾਲ ਜੁੜੇ ਰਹਿਣ ਨਾਲ ਮਨੁੱਖ ਦਾ ਜੀਵਨ ਸੁਖਮਈ ਬਣਦਾ ਹੈ ਅਤੇ ਗੁਰੂ ਦੀ ਬਾਣੀ ਵਿਚ ਹੀ ਹਰ ਸਮੱਸਿਆ ਦਾ ਹੱਲ ਮਿਲਦਾ ਹੈ। ਇਸ ਮੌਕੇ ਭਾਈ ਮੇਜਰ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਕੋਮਲ ਸਿੰਘ, ਭਾਈ ਕਲਵੰਤ ਸਿੰਘ, ਭਾਈ ਦਰਸ਼ਨ ਸਿੰਘ ਪ੍ਰਧਾਨ ਡਰੋਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।