ਨਾੜ ਦੀ ਅੱਗ ’ਚ ਝੁਲਸੀ ਹਰਿਆਵਲ, ਸੈਂਕੜੇ ਦਰੱਖਤ ਸੜ ਕੇ ਸੁਆਹ
ਨਾੜ ਦੀ ਅੱਗ ’ਚ ਝੁਲਸੀ ਹਰਿਆਵਲ, ਸੈਂਕੜੇ ਦਰੱਖਤ ਸੜ ਕੇ ਸੁਆਹ
Publish Date: Thu, 28 May 2026 06:04 PM (IST)
Updated Date: Fri, 29 May 2026 04:11 AM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਝੋਨੇ ਦੀ ਲਵਾਈ ਤੋਂ ਪਹਿਲਾਂ ਖੇਤਾਂ ਨੂੰ ਸਾਫ਼ ਕਰਨ ਦੀ ਹੋੜ ਵਿੱਚ, ਮੁਕਤਸਰ ਦੇ ਕਿਸਾਨਾਂ ਵੱਲੋਂ ਪਿਛਲੇ ਦਿਨੀਂ ਕਣਕ ਦੇ ਨਾੜ (ਪ੍ਰਾਲੀ/ਅਵਸ਼ੇਸ਼) ਨੂੰ ਧੜੱਲੇ ਨਾਲ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਨਤੀਜਾ ਇਹ ਨਿਕਲਿਆ ਕਿ ਖੇਤ ਤਾਂ ਸਾਫ਼ ਹੋ ਗਏ, ਪਰ ਸੜਕਾਂ ਦੇ ਕਿਨਾਰੇ ਖੜ੍ਹੀ ਦਹਾਕਿਆਂ ਪੁਰਾਣੀ ਹਰਿਆਵਲ ਰਾਖ ਦੇ ਢੇਰ ਵਿੱਚ ਬਦਲ ਗਈ ਜਾਂ ਅੱਗ ਦੀ ਲਪੇਟ ਵਿੱਚ ਆ ਕੇ ਖੋਖਲੀ ਹੋ ਗਈ। ਮੁਕਤਸਰ ਦੇ ਕੋਟਕਪੂਰਾ ਰੋਡ, ਬਰੀਵਾਲਾ, ਮਲੋਟ ਰੋਡ ਅਤੇ ਬਠਿੰਡਾ ਰੋਡ ਸਮੇਤ ਵੱਖ-ਵੱਖ ਪਿੰਡਾਂ ਵਿੱਚ ਵਣ ਵਿਭਾਗ ਵੱਲੋਂ ਲਗਾਏ ਗਏ ਕਿੱਕਰ, ਨਿੱਮ ਸਮੇਤ ਹੋਰ ਸੈਂਕੜੇ ਦਰੱਖਤ ਇਸ ਅੱਗ ਦੀ ਭੇਟ ਚੜ੍ਹ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਵਣ ਵਿਭਾਗ ਦਾ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਹੈ। ਹਰ ਸਾਲ ਕਾਗਜ਼ਾਂ ’ਚ ਲਗਾਏ ਜਾ ਰਹੇ ਪੌਦੇ ਤਾਂ ਦਰੱਖਤ ਬਣਦੇ ਦਿਖਾਈ ਨਹੀਂ ਦੇ ਰਹੇ, ਪਰ ਜੋ ਸਾਲਾਂ ਪੁਰਾਣੇ ਦਰੱਖਤ ਲੱਗੇ ਹੋਏ ਹਨ, ਉਹ ਅੱਗ ਨਾਲ ਰਾਖ ਹੋ ਰਹੇ ਹਨ। ਇਸਦੇ ਬਾਵਜੂਦ ਵਿਭਾਗ ਦੀ ਕਾਰਵਾਈ ਕਿਤੇ ਨਜ਼ਰ ਨਹੀਂ ਆ ਰਹੀ। ਪਿੰਡਾਂ ਦੇ ਲੋਕਾਂ ਅਨੁਸਾਰ ਖੇਤਾਂ ’ਚ ਨਾੜ ਨੂੰ ਅੱਗ ਲਗਾਉਣ ਦੌਰਾਨ ਵੱਖ-ਵੱਖ ਥਾਵਾਂ ’ਤੇ ਚੱਲੀਆਂ ਤੇਜ਼ ਹਵਾਵਾਂ ਕਾਰਨ ਅੱਗ ਦੀਆਂ ਚੰਗਿਆੜੀਆਂ ਸੜਕ ਤੱਕ ਪਹੁੰਚ ਗਈਆਂ। ਦਹਾਕਿਆਂ ਪੁਰਾਣੇ ਦਰੱਖਤ, ਜੋ ਛਾਂ ਅਤੇ ਆਕਸੀਜਨ ਦੇ ਰਹੇ ਸਨ, ਮਹਿਜ਼ 10 ਮਿੰਟਾਂ ਵਿੱਚ ਸੜ ਕੇ ਕਾਲੇ ਮੁੱਢ ਬਣ ਗਏ। ਅੱਗ ਨੇ ਨਾ ਸਿਰਫ਼ ਦਰੱਖਤਾਂ ਨੂੰ ਨਿਗਲ ਲਿਆ, ਸਗੋਂ ਉਨ੍ਹਾਂ ’ਤੇ ਬਣੇ ਪੰਛੀਆਂ ਦੇ ਆਲ੍ਹਣੇ ਅਤੇ ਆਲੇ-ਦੁਆਲੇ ਦੇ ਛੋਟੇ ਜੀਵ ਵੀ ਜਿਉਂਦੇ ਸੜ ਗਏ। -ਵਣ ਵਿਭਾਗ ਖ਼ਿਲਾਫ਼ ਲੋਕਾਂ ਦਾ ਫੁੱਟਿਆ ਗੁੱਸਾ- ਹਰ ਸਾਲ ਕਣਕ ਦੇ ਸੀਜ਼ਨ ’ਚ ਨਾੜ ਨੂੰ ਅੱਗ ਲਗਾਈ ਜਾਂਦੀ ਹੈ, ਫਿਰ ਵੀ ਵਣ ਵਿਭਾਗ ਨੇ ਦਰੱਖਤਾਂ ਨੂੰ ਬਚਾਉਣ ਲਈ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ। ਲੋਕਾਂ ਦਾ ਦੋਸ਼ ਹੈ ਕਿ ਅਫ਼ਸਰ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਮਲੋਟ ਰੋਡ ਦੇ ਬਜ਼ੁਰਗ ਜਗਮੋਹਨ ਸਿੰਘ ਕਹਿੰਦੇ ਹਨ ਕਿ ਇੱਕ ਦਰੱਖਤ ਨੂੰ ਪਾਲਣ ’ਚ 10 ਸਾਲ ਲੱਗਦੇ ਹਨ, ਪਰ ਸੜਨ ’ਚ ਸਿਰਫ਼ 10 ਮਿੰਟ। ਵਿਭਾਗ ਸਿਰਫ਼ ਫ਼ਾਈਲਾਂ ’ਚ ਪੌਦੇ ਗਿਣਦਾ ਹੈ, ਜਮੀਨ ’ਤੇ ਸਭ ਕੁਝ ਰਾਖ ਹੋ ਚੁੱਕਾ ਹੈ। -ਸਿਹਤ ਅਤੇ ਵਾਤਾਵਰਣ ’ਤੇ ਦੋਹਰੀ ਮਾਰ- ਨਾੜ ਦੇ ਨਾਲ-ਨਾਲ ਦਰੱਖਤਾਂ ਦੇ ਸੜਨ ਕਾਰਨ ਕਾਰਬਨ ਦਾ ਨਿਕਾਸ ਦੁੱਗਣਾ ਹੋ ਗਿਆ ਹੈ। ਧੂੰਏਂ ਦੀ ਮੋਟੀ ਚਾਦਰ ਕਾਰਨ ਦਮੇ ਅਤੇ ਸਾਹ ਦੇ ਮਰੀਜ਼ਾਂ ਦਾ ਜਿਊਣਾ ਮੁਹਾਲ ਹੋ ਗਿਆ ਸੀ। ਸੈਂਕੜੇ ਦਰੱਖਤਾਂ ਦੇ ਖ਼ਤਮ ਹੋਣ ਕਾਰਨ ਮੁਕਤਸਰ ਦੀ ਹਵਾ ਆਉਣ ਵਾਲੇ ਦਿਨਾਂ ’ਚ ਹੋਰ ਜ਼ਹਿਰੀਲੀ ਹੋ ਜਾਵੇਗੀ। ਸੜਕਾਂ ਤੋਂ ਛਾਂ ਗਾਇਬ ਹੋਣ ਕਾਰਨ ਗਰਮੀ ਦਾ ਪ੍ਰਕੋਪ ਵੀ ਲਗਾਤਾਰ ਵਧ ਰਿਹਾ ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41°C ਅਤੇ ਘੱਟ ਤੋਂ ਘੱਟ 27°C ਦਰਜ ਕੀਤਾ ਗਿਆ। -ਪ੍ਰਸ਼ਾਸਨ ਖ਼ਾਮੋਸ਼, ਕਾਰਵਾਈ ਸਿਫ਼ਰ- ਹੈਰਾਨੀ ਦੀ ਗੱਲ ਹੈ ਕਿ ਇੰਨੇ ਵੱਡੇ ਨੁਕਸਾਨ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਣ ਵਿਭਾਗ ਵੱਲੋਂ ਸਿਰਫ਼ ਇਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਪਰ ਨਾੜ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਵਾਤਾਵਰਣ ਪ੍ਰੇਮੀਆਂ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਕਿਸਾਨਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਸੜੇ ਹੋਏ ਦਰੱਖਤਾਂ ਦੀ ਜਗ੍ਹਾ ਤਿੰਨ ਗੁਣਾ ਨਵੇਂ ਪੌਦੇ ਲਗਾਏ ਜਾਣ ਅਤੇ ਵਣ ਵਿਭਾਗ ਦੀ ਲਾਪ੍ਰਵਾਹੀ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। -ਅੱਗ ਲਗਾਉਣ ਵਾਲਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ : ਡੀਐਫਓ ਜਦੋਂ ਇਸ ਸਬੰਧੀ ਵਣ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ (ਡੀਐਫਓ) ਅੰਮ੍ਰਿਤ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿੱਥੇ ਵੀ ਦਰੱਖਤਾਂ ਨੂੰ ਅੱਗ ਲੱਗੀ ਹੈ ਅਤੇ ਨੁਕਸਾਨ ਹੋਇਆ ਹੈ, ਉਸ ਦੀ ਰਿਪੋਰਟ ਤਿਆਰ ਕਰਕੇ ਸਬੰਧਤ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।