ਸਹਿਕਾਰੀ ਸਭਾਵਾਂ ਦੇ ਵਧਾਏ ਹੱਦ ਕਰਜ਼ੇ ਲਾਗੂ ਕਰਨ ਦੀ ਮੰਗ
ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਸੱਦੇ ਤਹਿਤ
Publish Date: Wed, 13 May 2026 03:44 PM (IST)
Updated Date: Thu, 14 May 2026 04:00 AM (IST)

ਕੋਆਪ੍ਰੇਟਿਵ ਬੈਂਕ ਮੋਗਾ ਦੇ ਹੈੱਡ ਆਫਿਸ ਅੱਗੇ ਲਾਇਆ ਧਰਨਾ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਸੱਦੇ ਤਹਿਤ ਪੰਜਾਬ ਭਰ ਵਿਚ ਕੋ ਆਪਰੇਟਿਵ ਬੈਂਕਾਂ ਦੇ ਤਹਿਸੀਲ ਪੱਧਰੀ ਤੇ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸੇ ਲੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜਿਸ ਵਿਚ ਜਗਮੋਹਨ ਸਿੰਘ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਕਿਸ਼ਨਪੁਰ ਤੇ ਟਹਿਲ ਸਿੰਘ ਝੰਡੇਆਣਾ ਦੀ ਅਗਵਾਈ ਹੇਠ ਕੋ ਆਪਰੇਟਿਵ ਬੈਂਕ ਦੇ ਹੈੱਡ ਆਫਿਸ ਮੋਗਾ ਵਿਖੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਬੀਬੀਆਂ ਨੇ ਧਰਨਿਆਂ ਵਿਚ ਸ਼ਮੂਲੀਅਤ ਕੀਤੀ। ਸੈਂਕੜਿਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਲਖਵੀਰ ਸਿੰਘ ਦੌਧਰ ਤੇ ਜਗਮੋਹਨ ਸਿੰਘ ਕੰਗ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਵਧਾਏ ਗਏ ਖੇਤੀ ਹੱਦ ਕਰਜ਼ਿਆਂ ਮੁਤਾਬਕ ਲੋੜੀਂਦੀ ਦੀ ਖਾਦ ਸਮੱਗਰੀ ਸਮੇਤ ਨਗਦ ਰਾਸ਼ੀ ਤੁਰੰਤ ਜਾਰੀ ਕਰ ਕੇ ਕਿਸਾਨ ਦੀ ਆਰਥਿਕ ਮਦਦ ਯਕੀਨੀ ਬਣਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਬੈਂਕਾਂ ਅੰਦਰ ਵਨ ਟਾਈਮ ਸੈਟਲਮੈਟ ਸਕੀਮ ਤਹਿਤ ਬੈਂਕਾਂ ਵੱਲੋਂ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਜਾ ਰਹੀ ਹੈ। ਪਰ ਸਹਿਕਾਰੀ ਬੈਂਕਾਂ ਅੰਦਰ ਲੰਬੇ ਸਮੇਂ ਤੋਂ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਇਸ ਲਈ ਪੰਜਾਬ ਸਰਕਾਰ ਸਹਿਕਾਰੀ ਬੈਂਕਾਂ ਅੰਦਰ ਵਨਟਾਇਮ ਸੈਟਲਮੈਂਟ ਸਕੀਮ ਚਾਲੂ ਕਰੇ ਤਾਂ ਕਿ ਮਜ਼ਬੂਰੀ ਵੱਸ ਡਿਫਲਟਰ ਹੋ ਚੁੱਕੇ ਕਿਸਾਨਾਂ ਨੂੰ ਰਾਹਤ ਮਿਲ ਤੇ ਉਹ ਆਪਣੇ ਖਾਤੇ ਰੈਗੂਲਰ ਕਰ ਸਕਣ। ਉਨ੍ਹਾਂ ਕਿਹਾ ਪੰਜਾਬ ਸਰਕਾਰ ਸੁਸਾਇਟੀਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਨ੍ਹਾਂ ਅੰਦਰ ਲੋੜੀਂਦੀਆਂ ਵਸਤਾਂ ਯੂਰੀਆ ਖਾਦ ਡੀਏਪੀ ਖਾਦ ਜ਼ਿੰਕ ਤੇ ਪੋਟਾਸ ਵਰਗੀਆਂ ਮਹੱਤਵਪੂਰਨ ਖਾਦਾਂ ਦੀ ਲੋੜ ਮੁਤਾਬਕ ਸਪਲਾਈ ਪਹਿਲ ਦੇ ਆਧਾਰ ਤੇ ਪੂਰੀ ਕੀਤੀ ਜਾਵੇ। ਲੋੜੀਂਦੀਆਂ ਵਸਤਾਂ ਤੇ ਖਾਦਾਂ ਨਾਲ ਨੈਨੋ ਯੂਰੀਆ ਸਮੇਤ ਬੇਲੋੜੀਆਂ ਵਸਤਾਂ ਦੇਣ ਤੇ ਪੂਰਨ ਪਾਬੰਦੀ ਲਗਾਈ ਜਾਵੇ। ਉਨ੍ਹਾਂ ਕਿਹਾ ਇਹ ਬੇਲੋੜੀਆਂ ਵਸਤਾਂ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਹਿਕਾਰੀ ਸਭਾਵਾਂ ਵਿਚ ਨਵੇਂ ਖਾਤੇ ਖੋਲ੍ਹਣ ਵਿਚ ਤੇਜ਼ੀ ਲਿਆਂਦੀ ਜਾਵੇ ਤੇ ਨਵੀਆਂ ਪਾਸਬੁੱਕਾਂ ਬਣਾ ਚੁੱਕੇ ਕਿਸਾਨਾਂ ਨੂੰ ਬਿਨ੍ਹਾਂ ਸ਼ਰਤ ਲੋੜੀਂਦੀਆਂ ਵਸਤਾਂ ਸਮੇਤ ਨਗਦ ਕਰਜ਼ਾ ਤੁਰੰਤ ਮੁਹੱਈਆ ਕਰਵਾਇਆ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਨਾਂ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੌਰਾਨ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਧਰਨੇ ਵਿਚ ਜ਼ਿਲ੍ਹਾ ਆਗੂ ਜਗਰਾਜ ਸਿੰਘ ਦੱਦਾਹੂਰ, ਰਾਜੂ ਪੱਤੋ, ਅਜਮੇਰ ਸਿੰਘ, ਨਿਰਮਲ ਸਿੰਘ ਕਿਸ਼ਨਪੁਰ,ਸਤਨਾਮ ਰਾਮਾ,ਕਰਮਜੀਤ ਸਿੰਘ ਦੌਧਰ, ਚਮਕੌਰ ਸਿੰਘ, ਸੁਖਰਾਜ ਸਿੰਘ ਦੱਦਾਹੂਰ,ਬਲਦੇਵ ਸਿੰਘ ਮਹੇਸਰੀ, ਸੰਦੀਪ ਸਿੰਘ ਚੂਹੜਚੱਕ ਹਾਜ਼ਰ ਸਨ।