ਸਰਕਾਰੀ ਹਸਪਤਾਲ ਸਾਦਿਕ ਵਿਖੇ ਮਰੀਜ਼ਾਂ ਨੂੰ ਹਾਈਪਰਟੈਂਸ਼ਨ ਬਾਰੇ ਕੀਤਾ ਜਾਗਰੂਕ
ਸਰਕਾਰੀ ਹਸਪਤਾਲ ਸਾਦਿਕ ਵਿਖ਼ੇ ਮਰੀਜਾਂ ਨੂੰ ਹਾਈਪਰਟੇਸ਼ਨ ਬਾਰੇ ਕੀਤਾ ਜਾਗਰੂਕ
Publish Date: Thu, 30 Apr 2026 04:17 PM (IST)
Updated Date: Fri, 01 May 2026 04:05 AM (IST)

ਬਲੱਡ ਪ੍ਰੈਸ਼ਰ ਨੂੰ ਘੱਟ ਰੱਖਣ ਲਈ ਰੋਜ਼ਾਨਾ ਸੈਰ ਜ਼ਰੂਰੀ : ਡਾ. ਪ੍ਰੀਤੀ ਗੋਇਲ ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ ਫਰੀਦਕੋਟ ਡਾ. ਪਰਵਜੀਤ ਸਿੰਘ ਗੁਲਾਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਪ੍ਰੀਤੀ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਸੀ. ਐਚ. ਸੀ. ਸਾਦਿਕ ਦੀ ਯੋਗ ਅਗਵਾਈ ਵਿੱਚ ਸਰਕਾਰੀ ਹਸਪਤਾਲ ਸਾਦਿਕ ਵਿਖ਼ੇ ਆਏ ਹੋਏ ਮਰੀਜਾਂ ਨੂੰ ਹਾਈਪਰਟੇਸ਼ਨ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਪ੍ਰੀਤੀ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਈਪਰਟੇਸ਼ਨ ਦੀ ਬਿਮਾਰੀ ਦੀ ਜਾਂਚ ਜੇਕਰ ਸਮੇਂ ਸਿਰ ਹੋ ਜਾਵੇ ਤਾਂ ਉਸ ਦਾ ਇਲਾਜ਼ ਸਹੀ ਸਮੇਂ ਸਿਰ ਕੀਤਾ ਜਾ ਸਕਦਾ ਹੈl ਉਨ੍ਹਾਂ ਨੇ ਦੱਸਿਆ ਕਿ ਆਪਣੇ ਬਲੱਡ ਪ੍ਰੈਸ਼ਰ ਨੂੰ ਜਾਨਣਾ ਅਤੇ ਕੰਟਰੋਲ ਚ ਰੱਖਣਾ ਬਹੁਤ ਜਰੂਰੀ ਹੈ। ਜਿਆਦਾ ਬਲੱਡ ਪ੍ਰੈਸ਼ਰ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਇਸਦੀ ਵਜ੍ਹਾ ਨਾਲ ਗੁਰਦਿਆਂ ਦੀ ਬਿਮਾਰੀ, ਅੱਖਾਂ ਦੀ ਰੌਸ਼ਨੀ ਦਾ ਘੱਟ ਹੋਣਾ, ਦਿਲ ਦਾ ਦੌਰਾ ਅਤੇ ਅਧਰੰਗ ਦਾ ਦੌਰਾ ਵੀ ਪੈ ਸਕਦਾ ਹੈ। ਇਸ ਤੋਂ ਬਚਾਅ ਲਈ ਸਰੀਰਕ ਭਾਰ ਨੂੰ ਕਾਬੂ ਹੇਠ ਰੱਖੋ, ਨਮਕ ਅਤੇ ਚੀਨੀ/ ਸ਼ੱਕਰ ਦੀ ਵਰਤੋ ਘੱਟ, ਤਲੀਆਂ ਚੀਜਾਂ ਅਤੇ ਬਜਾਰੀ ਖਾਣੇ (ਫਾਸਟ ਫੂਡ ) ਆਦਿ ਤੋਂ ਪ੍ਰਹੇਜ, ਸਿਗਰਟ ਨੋਸ਼ੀ ਅਤੇ ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਬਲੱਡ ਪ੍ਰੈਸ਼ਰ ਸਬੰਧੀ ਡਾਕਟਰੀ ਦੀ ਸਲਾਹ ਅਤੇ ਇਲਾਜ ਸਬੰਧੀ ਅਣਗਹਿਲੀ ਨਾ ਵਰਤੋ। ਆਪਣੇ ਰੋਜਾਨਾ ਦੇ ਜੀਵਨ ਵਿੱਚ ਹਰ ਰੋਜ 30 ਤੋਂ 40 ਮਿੰਟ ਸੈਰ/ਕਸਰਤ, ਪੌੜੀਆਂ ਦੀ ਵਰਤੋਂ ਜਿਆਦਾ ਕਰੋ। ਯੋਗਾ ਕਰਕੇ ਮਾਨਸਿਕ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ, ਹਰੀਆਂ ਸਬਜੀਆਂ, ਮੌਸਮੀ ਫਲਾਂ ਅਤੇ ਸਲਾਦ ਦੀ ਵਰਤੋਂ ਕਰੋ। ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਮੁਫਤ ਕਰਵਾਉ। ਇਸ ਮੌਕੇ ਡਾ. ਜਗਬੀਰ ਸਿੰਘ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਸਰੀਰਕ ਗਤੀਵਿਧੀਆਂ ਨਾ ਹੋਣਾ ਬਲੱਡ ਪ੍ਰੈਸ਼ਰ ਦੀ ਬਿਮਾਰੀ ਨੂੰ ਸੱਦਾ ਦੇਣਾ ਹੈ। ਜੇਕਰ ਕਿਸੇ ਵਿਅਕਤੀ ਨੂੰ ਅਚਾਨਕ ਸਿਰ ਦਰਦ, ਚੱਕਰ ਆਉਣ ਜਾਂ ਧੜਕਣ ਤੇਜ ਹੋਵੇ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਇਹ ਬਲੱਡ ਪ੍ਰੈਸ਼ਰ ਦੇ ਲੱਛਣ ਹੋ ਸਕਦੇ ਹਨ। ਬਲੱਡ ਪ੍ਰੈਸ਼ਰ ਜੀਵਨਸ਼ੈਲੀ ਨਾਲ ਜੁੜੀ ਸਮੱਸਿਆ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਠੀਕ ਮਹਿਸੂਸ ਕਰਨ ਵਾਲੇ ਵਿਅਕਤੀ ਦਾ ਵੀ ਬਲੱਡ ਪ੍ਰੈਸ਼ਰ ਵੱਧ ਹੁੰਦਾ ਹੈ। ਇਸ ਮੌਕੇ ਤੇ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਦੇ ਸਟੂਡੈਂਟਾਂ ਵੱਲੋ ਨਾਟਕ ਰਾਹੀ ਬਲੱਡ ਪ੍ਰੈਸ਼ਰ ਬਾਰੇ ਜਾਗਰੂਕ ਕੀਤਾ ਗਿਆ l ਇਸ ਮੌਕੇ ਇਹਨਾਂ ਦੇ ਨਾਲ ਡਾ. ਮਨੀਸ਼, ਡਾ. ਗੁਰਪ੍ਰੀਤ ਰਾਏ ਮੈਡੀਕਲ ਅਫ਼ਸਰ, ਰਾਜਿੰਦਰ ਅਰੋੜਾ ਸੀਨੀਅਰ ਫਾਰਮੇਸੀ ਅਫਸਰ ਅਤੇ ਰੁਪਿੰਦਰ ਕੌਰ ਨਰਸਿੰਗ ਸਿਸਟਰ ਤੋਂ ਇਲਾਵਾ ਸਮੂਹ ਸਟਾਫ਼ ਨੇ ਵੀ ਸ਼ਮੂਲੀਅਤ ਕੀਤੀ।