ਪ੍ਰਧਾਨ ਮੰਤਰੀ ਮੋਦੀ ਦੇ ‘ਸੋਨਾ ਨਾ ਖਰੀਦਣ’ ਵਾਲੇ ਬਿਆਨ ’ਤੇ ਭੜਕੇ ਸਰਾਫ਼ਾ ਕਾਰੋਬਾਰੀ; ਕਾਲੀਆਂ ਪੱਟੀਆਂ ਬੰਨ੍ਹ ਕੇ ਜਤਾਇਆ ਰੋਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੇ ਦਿੱਤੇ ਬਿਆਨ ਤੋਂ ਬਾਅਦ ਸਰਾਫ਼ਾ ਕਾਰੋਬਾਰੀਆਂ ਵਿੱਚ ਨਾਰਾਜ਼ਗੀ ਅਤੇ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਸਰਾਫ਼ਾ ਮਾਰਕੀਟਾਂ ਨੂੰ ਬੰਦ ਕਰਨ ਦੇ ਫੈਸਲੇ ’ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ।
Publish Date: Tue, 12 May 2026 04:34 PM (IST)
Updated Date: Tue, 12 May 2026 04:38 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੇ ਦਿੱਤੇ ਬਿਆਨ ਤੋਂ ਬਾਅਦ ਸਰਾਫ਼ਾ ਕਾਰੋਬਾਰੀਆਂ ਵਿੱਚ ਨਾਰਾਜ਼ਗੀ ਅਤੇ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਸਰਾਫ਼ਾ ਮਾਰਕੀਟਾਂ ਨੂੰ ਬੰਦ ਕਰਨ ਦੇ ਫੈਸਲੇ ’ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਾਫ਼ਾ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਤੇ ਸਵਰਨਕਾਰ ਸੰਘ ਦੇ ਸੂਬਾ ਸੈਕਟਰੀ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਕਰਦਿਆਂ ਕਿਹਾ ਕਿ ਸਰਾਫ਼ਾ ਕਾਰੋਬਾਰੀ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ’ਚੋਂ ਗੁਜ਼ਰ ਰਹੇ ਹਨ। ਸੋਨੇ ਦੇ ਉਤਰਾ-ਚੜ੍ਹਾਅ ਅਤੇ ਰੇਟਾਂ ਨੇ ਕਾਰੋਬਾਰ ਨੂੰ ਪਹਿਲਾਂ ਹੀ ਆਰਥਿਕ ਮੰਦੀ ਦੀ ਚਪੇਟ ਵਿੱਚ ਖੜਾ ਕਰ ਰੱਖਿਆ ਹੈ।
ਕਾਰੋਬਾਰ ਅੱਧੇ ਰਹੇ ਚੁੱਕੇ ਹਨ। ਉਪਰੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਬਿਆਨ ਸੋਨਾ ਨਾ ਖਰੀਦਣ ਦੀ ਕੀਤੀ ਅਪੀਲ ਨੇ ਵਪਾਰੀਆਂ ਅਤੇ ਸਮੂਹ ਸਰਾਫ਼ਾ ਕਾਰੋਬਾਰੀਆਂ ਦੇ ਲੱਕ ਤੋੜਣ ਦਾ ਕੰਮ ਕੀਤਾ ਹੈ। ਜਿਸ ਨਾਲ ਸੋਨੇ ਦਾ ਕਾਰੋਬਾਰ ਖ਼ਤਮ ਹੋਣ ਦੇ ਕਗਾਰ ’ਤੇ ਪੁੰਹਚ ਜਾਵੇਗਾ।
ਛੋਟੇ ਦੁਕਾਨਦਾਰ ਤਾਂ ਪਹਿਲਾਂ ਹੀ ਮੰਦੀ ਦੀ ਮਾਰ ਹੇਠ ਆ ਚੁੱਕੇ ਹਨ, ਹੁਣ ਸੋਨਾ ਨਾ ਖਰੀਦਣ ਦੇ ਦਿੱਤੇ ਬਿਆਨ ਕਾਰਨ ਉਹ ਕੰਮ ਛੱਡਣ ਲਈ ਮਜਬੂਰ ਹੋਣਗੇ। ਵਿਆਹ ਸ਼ਾਦੀਆਂ ਦਾ ਸੀਜ਼ਨ ਆਉਣ ਵਾਲਾ ਹੈ, ਇਸ ਸਮੇਂ ਪ੍ਰਧਾਨ ਮੰਤਰੀ ਦੇ ਬਿਆਨ ਦੇ ਕਾਰਨ ਜਿਊਲਰੀ ਦੀ ਮੰਗ ਵਿੱਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਬਣ ਗਈ ਹੈ।