ਖੁੱਡੀਆਂ ਨੇ ਗੋਲਡ ਮੈਡਲਿਸਟ ਕਬੱਡੀ ਖਿਡਾਰਨ ਸਿਮਰਨ ਦਾ ਕੀਤਾ ਸਨਮਾਨ
ਕੈਬਨਿਟ ਮੰਤਰੀ ਖੁੱਡੀਆਂ ਨੇ ਗੋਲਡ ਮੈਡਲਿਸਟ ਕਬੱਡੀ ਖਿਡਾਰਨ ਸਿਮਰਨ ਕੰਬੋਜ ਦਾ ਕੀਤਾ ਸਨਮਾਨ
Publish Date: Wed, 06 May 2026 05:04 PM (IST)
Updated Date: Wed, 06 May 2026 05:05 PM (IST)

ਵਰਿੰਦਰ ਬੱਬੂ. ਪੰਜਾਬੀ ਜਾਗਰਣ ਲੰਬੀ : ਚੀਨ ਵਿਖੇ ਏਸ਼ੀਅਨ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਬੱਡੀ ’ਚ ਸੋਨੇ ਦਾ ਤਗ਼ਮਾ ਜਿੱਤ ਕੇ ਲਿਆਉਣ ਵਾਲੀ ਕਬੱਡੀ ਖਿਡਾਰਨ ਸਿਮਰਨ ਕੰਬੋਜ਼ ਨੂੰ ਯਾਦਗਾਰੀ ਚਿੰਨ੍ਹ ਤੇ ਆਪਣੀ ਨੇਕ ਕਮਾਈ ’ਚੋਂ 51,000 ਰੁਪਏ ਨਕਦ ਦੇ ਕੇ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਨੇ ਬੀਤੇ ਦਿਨ ਹਲਕਾ ਲੰਬੀ ਦੇ ਪਿੰਡ ਪੰਜਾਵਾ ਪਹੁੰਚ ਕੇ ਹੌਂਸਲਾ ਅਫ਼ਜਾਈ ਕੀਤੀ। ਕਬੱਡੀ ਖਿਡਾਰਨ ਤੇ ਉਸਦੇ ਪਿਤਾ ਸੁਖਪਾਲ ਚੰਦ ਕੰਬੋਜ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਇਲਾਕੇ ਦੀ ਸ਼ਾਨ ਇਸ ਖਿਡਾਰਨ ਧੀ ਨੂੰ ਉਨ੍ਹਾਂ ਨਾਲ ਮਿਲਾਉਣਗੇ ਤੇ ਪੰਜਾਬ ਸਰਕਾਰ ’ਚ ਨੌਕਰੀ ਦੇਣ ਦੀ ਸਿਫ਼ਾਰਸ਼ ਵੀ ਕਰਨਗੇ। ਖਿਡਾਰਨ ਸਿਮਰਨ ਨੇ ਦੱਸਿਆ ਕਿ ਉਹ ਪਹਿਲਾਂ ਵੀ 25 ਤੋਂ ਵੱਧ ਨੈਸ਼ਨਲ ਮੁਕਾਬਲਿਆਂ ਵਿਚ ਭਾਗ ਲੈ ਚੁੱਕੀ ਹੈ ਅਤੇ ਕਈ ਵਾਰ ਤਗਮੇ ਜਿੱਤ ਚੁੱਕੀ ਹੈ। ਉਸ ਦੀ ਇਸ ਲਗਾਤਾਰ ਮਿਹਨਤ ਤੇ ਵਧੀਆ ਪ੍ਰਦਰਸ਼ਨ ਕਰਕੇ ਹੁਣ ਉਹ ਜਪਾਨ ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਕੈਂਪ ਵਿਚ ਵੀ ਚੁਣੀ ਗਈ ਹੈ। ਪਿੰਡ ਪੰਜਾਵਾ ਦੇ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨਾਂ ਦੇ ਪਿੰਡ ਦੀ ਧੀ ਨੇ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ। ਇਸ ਮੌਕੇ ਹਰਮਨ ਕੰਬੋਜ, ਗੁਰਬਾਜ ਸਿੰਘ ਵਣਵਾਲਾ, ਨਿਰਜੀਤ ਸਿੰਘ ਸਰਪੰਚ ਤੱਪਾ ਖੇੜਾ, ਰਮੇਸ਼ ਕੁਮਾਰ ਸਰਪੰਚ ਪੰਜਾਵਾ ਤੇ ਪਿੰਡ ਵਾਸੀ ਹਾਜ਼ਰ ਸਨ।