ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਦਸਤਾਰ ਅਤੇ ਕਿਰਦਾਰ ਕੈਂਪ ਲਗਾਇਆ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਸਿੱਖ ਵਿਰਸੇ, ਸੱਭਿਆਚਾਰ ਅਤੇ ਉੱਚੇ-ਸੁੱਚੇ ਜੀਵਨ ਮੁੱਲਾਂ ਨਾਲ ਜੋੜਨ ਦੇ ਉਦੇਸ਼ ਨਾਲ ਕੋਠੇ ਮਾਹਲਾ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਸੱਤ ਰੋਜ਼ਾ ‘ਦਸਤਾਰ ਅਤੇ ਕਿਰਦਾਰ ਕੈਂਪ’ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਇਲਾਕੇ ਦੇ ਵੱਡੀ ਗਿਣਤੀ ਵਿਚ ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ ਅਤੇ ਦਸਤਾਰ ਸਜਾਉਣ ਦੀ ਵਿਧੀ ਬੜੇ ਚਾਵ ਨਾਲ ਸਿੱਖੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੱਡੀ ਸਰਕਲ ਦੇ ਜ਼ੋਨਲ ਸਕੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ ਅੱਜ ਦੇ ਆਧੁਨਿਕ ਅਤੇ ਪੱਛਮੀ ਪ੍ਰਭਾਵਾਂ ਵਾਲੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਆਪਣੀ ਧਾਰਮਿਕ ਪਹਿਚਾਣ, ਗੁਰਬਾਣੀ ਅਤੇ ਸਿੱਖੀ ਸੰਸਕਾਰਾਂ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਵਿਚ ਨਾ ਸਿਰਫ਼ ਸਿੱਖੀ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹਨ, ਸਗੋਂ ਉਨ੍ਹਾਂ ਦੇ ਮਨ ਵਿਚ ਆਪਣੀ ਵਿਰਾਸਤ ਪ੍ਰਤੀ ਮਾਣ ਅਤੇ ਸਤਿਕਾਰ ਦੀ ਭਾਵਨਾ ਵੀ ਪੈਦਾ ਕਰਦੇ ਹਨ। ਕੈਂਪ ਦੌਰਾਨ ਬੱਚਿਆਂ ਨੂੰ ਵੱਖ-ਵੱਖ ਡਿਜ਼ਾਈਨਾਂ ਦੀਆਂ ਦਸਤਾਰਾਂ ਬੰਨ੍ਹਣ ਦੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਇਸ ਮੌਕੇ ਖੇਤਰ ਸਰਪ੍ਰਸਤ ਪ੍ਰਕਾਸ਼ ਸਿੰਘ ਨੇ ਦਸਤਾਰ ਦੀ ਮਹਾਨਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਦਸਤਾਰ ਸਿੱਖ ਕੌਮ ਦੀ ਸ਼ਾਨ, ਸਵੈ-ਮਾਨ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਰ ’ਤੇ ਦਸਤਾਰ ਸਜਾਉਣ ਦੇ ਨਾਲ-ਨਾਲ ਜੀਵਨ ਵਿਚ ਉੱਚਾ-ਸੁੱਚਾ ਕਿਰਦਾਰ, ਨਿਮਰਤਾ ਅਤੇ ਸੱਚਾਈ ਨੂੰ ਵੀ ਅਪਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ, ਮਾੜੀਆਂ ਆਦਤਾਂ ਅਤੇ ਪੱਛਮੀ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਧਾਰਮਿਕ ਅਤੇ ਨੈਤਿਕ ਸਿੱਖਿਆ ਨਾਲ ਜੋੜਨ ਲਈ ਅੱਗੇ ਆਉਣ। ਕੈਂਪ ਦੀ ਸਮਾਪਤੀ ਮੌਕੇ ਭਾਗ ਲੈਣ ਵਾਲੇ ਬੱਚਿਆਂ ਨੂੰ ਤਮਗਿਆਂ, ਸਨਮਾਨ ਚਿੰਨ੍ਹਾਂ ਅਤੇ ਉਸਾਰੂ ਸਾਹਿਤ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੱਡੀ ਸਰਕਲ ਦੇ ਖੇਤਰ ਪ੍ਰਧਾਨ ਤੇਜ ਸਿੰਘ, ਸਕੱਤਰ ਕੁਲਵਿੰਦਰ ਸਿੰਘ, ਕਰਮਜੀਤ ਸਿੰਘ ਸਮੇਤ ਹੋਰ ਸੇਵਾਦਾਰਾਂ ਨੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਸਮਾਗਮ ਦੇ ਅੰਤ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ, ਮੈਂਬਰ ਜਸਵਿੰਦਰ ਸਿੰਘ, ਗ੍ਰੰਥੀ ਸੁਖਦੇਵ ਸਿੰਘ, ਕਰਨੈਲ ਸਿੰਘ, ਮੰਦਰ ਸਿੰਘ, ਦਰਸ਼ਨ ਸਿੰਘ ਅਤੇ ਹਰਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਸਮਾਜ ਵਿਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਚੰਗੇ ਰਸਤੇ ਵੱਲ ਪ੍ਰੇਰਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।