ਗਲੂਕੋਮਾ ਸਥਾਈ ਅੰਨ੍ਹੇਪਣ ਦੇ ਮੁੱਖ ਕਾਰਨਾਂ ’ਚੋਂ ਇੱਕ : ਡਾ. ਚਾਵਲਾ
ਗਲੂਕੋਮਾ ਸਥਾਈ ਅੰਨ੍ਹੇਪਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ : ਡਾ. ਰਸ਼ਮੀ ਚਾਵਲਾ
Publish Date: Sat, 14 Mar 2026 04:25 PM (IST)
Updated Date: Sat, 14 Mar 2026 04:27 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ
ਗਿੱਦੜਬਾਹਾ : ਸਿਵਲ ਸਰਜਨ ਡਾ. ਸੁਨੀਲ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਸ਼ਮੀ ਚਾਵਲਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਵਿਸ਼ਵ ਗਲੂਕੋਮਾ ਹਫਤਾ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਰਸ਼ਮੀ ਚਾਵਲਾ, ਡਾ. ਸੋਕਾਕਸ਼ੀ ਬੱਬਰ ਅਤੇ ਡਾ. ਜਿਓਤੀ ਯਾਦਵ ਨੇ ਦੱਸਿਆ ਕਿ ਭਾਰਤ ’ਚ ਗਲੂਕੋਮਾ ਸਥਾਈ ਅੰਨ੍ਹੇਪਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਜੇ ਇਸ ਦਾ ਸਮੇਂ ਸਿਰ ਇਲਾਜ ਕਰਵਾ ਲਿਆ ਜਾਵੇ ਤਾਂ ਇਸ ਦਾ ਸਫਲ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਜੇ ਆਮ ਸਿਰ ਦਰਦ ਜਾਂ ਅੱਖਾਂ ’ਚ ਦਰਦ, ਪੜ੍ਹਨ ਵਾਲੇ ਚਸ਼ਮੇ ਦਾ ਵਾਰ-ਵਾਰ ਬਦਲਣਾ, ਰੌਸ਼ਨੀ ਦੇ ਆਲੇ ਦੁਆਲੇ ਰੰਗ-ਬਿਰੰਗੇ ਘੇਰੇ ਦਿਖਾਈ ਦੇਣਾ, ਅੱਖਾਂ ਵਿੱਚ ਲਾਲੀ ਅਤੇ ਦਰਦ ਨਾਲ ਅਚਾਨਕ ਨਜ਼ਰ ਘਟਣਾ ਜਾਂ ਨਜ਼ਰ ਦਾ ਖੇਤਰ ਸੀਮਿਤ ਹੋਣਾ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਨਾਲ ਸਲਾਹ ਕਰ ਕੇ ਅੱਖਾਂ ਦਾ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਸਾਵਧਾਨੀ ਵਰਤਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਕਿਸੇ ਵਿਅਕਤੀ ਦੇ ਪਰਿਵਾਰ ਵਿੱਚ ਕਿਸੇ ਨੂੰ ਗਲੂਕੋਮਾ ਹੈ ਜਾਂ ਉਸ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਮਾ, ਐਲਰਜੀ ਜਾਂ ਚਮੜੀ ਦੇ ਰੋਗਾਂ ਲਈ ਸਟੀਰਾਇਡ ਦਵਾਈਆਂ ਵਰਤਣੀਆਂ ਪੈਂਦੀਆਂ ਹਨ ਤਾਂ ਅਜਿਹੇ ਲੋਕਾਂ ਵਿੱਚ ਗਲੂਕੋਮਾ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ। ਇਸ ਲਈ ਹਰ ਵਿਅਕਤੀ ਨੂੰ ਛੇ ਮਹੀਨੇ ਬਾਅਦ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਤੇਜ਼ ਧੁੱਪ ਵਿੱਚ ਚਸ਼ਮੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਕੇ ਹਸਪਤਾਲ ਦਾ ਸਮੂਹ ਸਟਾਫ ਹਾਜ਼ਰ ਸਨ।