ਗਊ ਸਨਮਾਨ ਆਹਵਾਨ ਅਭਿਆਨ ਵੱਲੋਂ ਗਊ ਵੰਸ਼ ਦੀ ਸੁਰੱਖਿਆ ਲਈ ਐਸਡੀਐਮ ਨੂੰ ਸੌਂਪਿਆ ਮੰਗ ਪੱਤਰ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਗਊ ਸਨਮਾਨ ਆਹਵਾਨ ਅਭਿਆਨ ਵੱਲੋਂ ਗਊ ਵੰਸ਼ ਦੀ ਸੁਰੱਖਿਆ ਲਈ ਇੱਕ ਮੰਗ ਪੱਤਰ ਐਸ.ਡੀ.ਐਮ. ਜੈਤੋ ਬਿਕਰਮਜੀਤ ਬਾਂਸਲ ਨੂੰ ਸੌਂਪਿਆ ਗਿਆ। ਇਸ ਸੰਬੰਧੀ ਸਥਾਨਕ ਪੰਚਾਇਤੀ ਗਊਸ਼ਾਲਾ ਵਿਖੇ ਵੱਡੀ ਗਿਣਤੀ ਵਿਚ ਗਊ ਸੇਵਕ, ਸੰਤ ਸਮਾਜ ਅਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਇਕੱਠੇ ਹੋਏ। ਜਿੱਥੇ ਇਸ ਮੁਹਿੰਮ ਦੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਕੱਠੇ ਹੋਏ ਗਊ ਸੇਵਕਾਂ ਨੇ ਸ਼ਹਿਰ ਵਿਚ ਪੈਦਲ ਯਾਤਰਾ ਕੱਢੀ ਜੋ ਜੈਤੋ ਦੇ ਮੁੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਤੱਕ ਪਹੁੰਚੀ ਅਤੇ ਗਊ ਸੇਵਕਾਂ ਵੱਲੋਂ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਜੈਤੋ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਜੀ ਜਲਾਲ ਵਾਲੇ, ਡੇਰਾ ਬਾਬਾ ਮੋਹਨ ਦਾਸ ਦੇ ਮੁੱਖ ਸੰਚਾਲਕ ਮਹੰਤ ਬਾਬਾ ਕਮਲ ਦਾਸ ਜੀ, ਡੇਰਾ ਬਾਬਾ ਭਾਈ ਭਗਤੂ ਭਗਤੂਆਣਾ ਦੇ ਮੁੱਖ ਸੰਚਲਾਕ ਸੰਤ ਬਾਬਾ ਸੱਤ ਮੁਨੀ ਜੀ ਅਤੇ ਬਾਬਾ ਰਾਜੂ ਦਾਸ ਜੀ ਅਗਵਾਈ ਵਿਚ ਐਸ.ਡੀ.ਐਮ. ਜੈਤੋ ਬਿਕਰਮਜੀਤ ਬਾਂਸਲ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ’ਤੇ ਇੱਕ ਮੰਗ ਪੱਤਰ ਦਿੱਤਾ ਗਿਆ। ਐਸ.ਡੀ.ਐਮ. ਬਿਕਰਮਜੀਤ ਬਾਂਸਲ ਨੇ ਭਰੋਸਾ ਦਿਵਾਇਆ ਕਿ ਇਹ ਮੰਗ ਪੱਤਰ ਸਮੇਂ ਸਿਰ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ, ਮਹੰਤ ਬਾਬਾ ਕਮਲ ਦਾਸ ਜੀ, ਸੰਤ ਬਾਬਾ ਸੱਤ ਮੁਨੀ ਜੀ, ਬਾਬਾ ਰਾਜੂ ਦਾਸ ਜੀ, ਗਊ ਸੇਵਕਾਂ ਅਤੇ ਇਲਾਕੇ ਦੇ ਹੋਰ ਨਾਗਰਿਕਾਂ ਨੇ ਸਰਕਾਰ ਨੂੰ ਗਊ ਵੰਸ਼ ਨੂੰ ਕੇਵਲ ‘ਦਇਆ’ ਦਾ ਪਾਤਰ ਨਾ ਸਮਝ ਕੇ ਰਾਜ ਦੀ ਸੰਪਤੀ ਅਤੇ ਗ੍ਰਾਮੀਣ ਵਿਕਾਸ ਦਾ ਇੰਜਣ ਮੰਨਣ ਦੀ ਅਪੀਲ ਕੀਤੀ। ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਸੰਵਿਧਾਨ ਦੀ ਧਾਰਾ 48 ਵਿਚ ਸੋਧ ਕਰਕੇ ਦੇਸ਼ ’ਚ ਗਊ ਹੱਤਿਆ ਤੇ ਪੂਰਨ ਪਾਬੰਦੀ ਲਗਾਉਣ ਅਤੇ ‘ਕੇਂਦਰੀ ਗਊ ਸੇਵਾ ਅਤੇ ਸੰਰਖਣ ਅਧਿਨਿਯਮ’ ਲਾਗੂ ਕਰਨ ਕੀਤਾ ਜਾਵੇ, ਦੇਸੀ ਗਊ ਵੰਸ਼ ਨੂੰ ‘ਰਾਸ਼ਟਰ ਮਾਤਾ ਜਾਂ ‘ਰਾਸ਼ਟਰ ਆਰਾਧਿਆ’ ਵਜੋਂ ਸੰਵਿਧਾਨਕ ਮਾਨਤਾ ਦਿੱਤੀ ਜਾਵੇ, ਗਊ ਤਸਕਰੀ ਅਤੇ ਗਊ ਹੱਤਿਆ ਨੂੰ ਗੈਰ-ਜ਼ਮਾਨਤੀ ਅਪਰਾਧ ਦੀ ਸ੍ਰੇਣੀ ’ਚ ਰੱਖ ਕੇ ਦੋਸ਼ੀਆਂ ਦੀ ਸੰਪਤੀ ਕੁਰਕ ਕਰਨ ਅਤੇ ਉਮਰ ਕੈਦ ਵਰਗੀਆਂ ਸਖ਼ਤ ਸਜ਼ਾਵਾਂ ਦਿੱਤੀ ਜਾਣ, ਪੰਚਗਵਿਆ (ਗੋਬਰ-ਮੂਤਰ) ਖੋਜ ਨੂੰ ਉਤਸ਼ਾਹਿਤ ਕਰਨ ਅਤੇ ਜ਼ੀਰੋ ਬਜਟ ਕੁਦਰਤੀ ਖੇਤੀ ਰਾਹੀਂ ਕਿਸਾਨਾਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਜਾਵੇ, ਹਰ ਗ੍ਰਾਮ ਪੰਚਾਇਤ ਪੱਧਰ ਤੇ ‘ਨੰਦੀਸ਼ਾਲਾ’ ਅਤੇ ਜ਼ਿਲ੍ਹਾ ਪੱਧਰ ਤੇ ‘ਆਦਰਸ਼ ਗਊ ਅਭਿਆਰਣ’ ਸਥਾਪਤ ਕੀਤਾ ਜਾਵੇ, ਰਾਜ ਮਾਰਗਾਂ ’ਤੇ ਹਰ 50-100 ਕਿਲੋਮੀਟਰ ਤੇ ‘ਗੋ-ਵਾਹਿਨੀ ਐਂਬੂਲੈਂਸ’ ਅਤੇ ਸਕੂਲੀ ਪਾਠਕ੍ਰਮ ਵਿਚ ‘ਗੋ-ਵਿਗਿਆਨ’ ਨੂੰ ਲਾਜ਼ਮੀ ਵਿਸ਼ੇ ਵਜੋਂ ਸ਼ਾਮਿਲ ਕੀਤਾ ਜਾਵੇ, ਚਾਰੇ ਦੇ ਉਦਯੋਗਿਕ ਉਪਯੋਗ ਤੇ ਪਾਬੰਦੀ ਲਗਾਉਣ ਅਤੇ ਗਊਆਂ ਦੇ ਚਰਨ ਲਈ ‘ਗੋਚਰ ਵਿਕਾਸ ਬੋਰਡ’ ਬਣਾ ਕੇ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਮੰਗ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਇਸ ਮੰਗ ਪੱਤਰ ਦੇ ਸਮਰਥਨ ’ਚ ਸੈਂਕੜੇ ਲੋਕਾਂ ਦੇ ਦਸਤਖਤ ਕਰਵਾਏ ਗਏ ਹਨ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਇਸ ਦਿਸ਼ਾ ਵਿਚ ਪ੍ਰਭਾਵੀ ਕਦਮ ਚੁੱਕੇਗੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸੁਰੱਖਿਅਤ ਵਾਤਾਵਰਣ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਸੌਂਪੀ ਜਾ ਸਕੇ। ਇਸ ਮੌਕੇ ਸਮਾਜਿਕ, ਧਾਰਮਿਕ, ਵਪਾਰਕ ਸੰਸਥਾਵਾਂ, ਪੰਚਾਇਤੀ ਗਊਸ਼ਾਲਾ, ਬੇਸਹਾਰਾ ਗਊਸ਼ਾਲਾ, ਮੰਦਰ ਕਮੇਟੀਆਂ, ਸਿੱਖਿਆ ਸੰਸਥਾਵਾਂ, ਵਪਾਰੀ ਐਸੋਸੀਏਸ਼ਨਾਂ, ਕਲੱਬਾਂ ਅਤੇ ਸੇਵਾ ਸੰਸਥਾਵਾਂ ਸਮੇਤ ਕਈ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।