ਸ਼ਹਿਰ ਦੀਆਂ ਮੁੱਖ ਥਾਵਾਂ ਤੋਂ ਚੁੱਕਿਆ ਕੂੜਾ, ਪੂਰੀ ਸਫ਼ਾਈ ’ਚ ਲੱਗਣਗੇ ਚਾਰ ਦਿਨ
ਸ਼ਹਿਰ ਦੀਆਂ ਮੁੱਖ ਥਾਵਾਂ ਤੋਂ ਚੁੱਕਿਆ ਕੂੜਾ, ਪੂਰੀ ਸਫ਼ਾਈ ’ਚ ਲੱਗਣਗੇ ਚਾਰ ਦਿਨ
Publish Date: Fri, 22 May 2026 04:50 PM (IST)
Updated Date: Fri, 22 May 2026 04:52 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : 16 ਦਿਨਾਂ ਤੋਂ ਚੱਲ ਰਹੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਵੀਰਵਾਰ ਨੂੰ ਸਰਕਾਰ ਦੇ ਭਰੋਸੇ ਤੋਂ ਬਾਅਦ ਖ਼ਤਮ ਹੋ ਗਈ। ਹੜਤਾਲ ਖ਼ਤਮ ਹੁੰਦੇ ਹੀ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੇ ਸ਼ਹਿਰ ਵਿੱਚੋਂ ਕੂੜੇ ਦੇ ਢੇਰ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸ਼ੁੱਕਰਵਾਰ ਸਵੇਰ ਤੋਂ ਹੀ ਸ਼ਹਿਰ ਦੇ ਕਈ ਹਿੱਸਿਆਂ ’ਚ ਜੇਸੀਬੀ ਮਸ਼ੀਨਾਂ ਅਤੇ ਟਰੈਕਟਰ-ਟਰਾਲੀਆਂ ਲਗਾ ਕੇ ਕੂੜਾ ਚੁੱਕਿਆ ਗਿਆ। ਇਸ ਸਮੇਂ ਸੈਂਕੜੇ ਟਨ ਕੂੜਾ ਸ਼ਹਿਰ ਦੀਆਂ ਸੜਕਾਂ ’ਤੇ ਬਿਖਰਿਆ ਪਿਆ ਹੈ। ਸਫ਼ਾਈ ਕਰਮਚਾਰੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ) ਦਫ਼ਤਰ ਵਾਲੀ ਗਲੀ, ਸ਼ੇਰ ਸਿੰਘ ਚੌਕ, ਜਲਾਲਾਬਾਦ ਰੋਡ ਓਵਰਬ੍ਰਿਜ ਦੇ ਨੇੜੇ, ਪੁਰਾਣੀ ਅਨਾਜ ਮੰਡੀ ਅਤੇ ਮਾਤਾ ਭਾਗ ਕੌਰ ਪਾਰਕ ਸਮੇਤ ਪ੍ਰਮੁੱਖ ਥਾਵਾਂ ਤੋਂ ਕੂੜਾ ਹਟਾਇਆ ਗਿਆ। ਪਿਛਲੇ 16 ਦਿਨਾਂ ਤੋਂ ਸੜਕਾਂ ’ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਸਨ। ਬਦਬੂ ਅਤੇ ਗੰਦਗੀ ਕਾਰਨ ਬਿਮਾਰੀਆਂ ਦਾ ਖ਼ਤਰਾ ਵੀ ਵਧ ਗਿਆ ਸੀ। ਕੂੜਾ ਚੁੱਕਦੇ ਹੀ ਦੁਕਾਨਦਾਰਾਂ ਅਤੇ ਰਾਹਗੀਰਾਂ ਦੇ ਚਿਹਰਿਆਂ ’ਤੇ ਰਾਹਤ ਦਿਖਾਈ ਦਿੱਤੀ। ਦੁਕਾਨਦਾਰ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਨੇ ਦੱਸਿਆ ਕਿ ਹੜਤਾਲ ਕਾਰਨ ਗਾਹਕ ਦੁਕਾਨਾਂ ’ਤੇ ਆਉਣ ਤੋਂ ਕਤਰਾ ਰਹੇ ਸਨ ਅਤੇ ਬਦਬੂ ਵਿੱਚ ਬੈਠਣਾ ਮੁਸ਼ਕਲ ਸੀ। ਅੱਜ ਸਫ਼ਾਈ ਸ਼ੁਰੂ ਹੋਈ ਤਾਂ ਲੱਗਿਆ ਕਿ ਸ਼ਹਿਰ ਫਿਰ ਤੋਂ ਸੁੱਖ ਦਾ ਸਾਹ ਲਵੇਗਾ। ਸ਼ੇਰ ਸਿੰਘ ਚੌਕ ਦੇ ਨੇੜੇ ਫਲਾਂ ਦੀ ਰੇਹੜੀ ਲਗਾਉਣ ਵਾਲੇ ਰਮਨ ਨੇ ਦੱਸਿਆ ਕਿ ਇੱਥੇ ਕੂੜਾ ਸੜਕ ਦੇ ਵਿਚਕਾਰ ਤੱਕ ਬਿਖਰਿਆ ਹੋਇਆ ਸੀ ਅਤੇ ਕੂੜੇ ਦਾ ਪਹਾੜ ਬਣਿਆ ਹੋਇਆ ਸੀ। ਇੱਥੇ ਰੇਹੜੀ ਲਗਾਉਣੀ ਮੁਸ਼ਕਲ ਸੀ, ਪਰ ਅੱਡਾ ਹੋਣ ਕਰਕੇ ਇੱਥੇ ਹੀ ਲਗਾਉਂਦੇ ਸੀ ਪਰ ਦੁਰਗੰਧ ਕਾਰਨ ਇੱਕ ਮਿੰਟ ਰੁਕਣਾ ਵੀ ਔਖਾ ਸੀ। ਕੰਮ ਤਾਂ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਸੀ। ਹੁਣ ਸਫ਼ਾਈ ਹੋਣ ਨਾਲ ਰਾਹਤ ਮਿਲੇਗੀ। ਜਗਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਸਕੂਲ ਭੇਜਣਾ ਮੁਸ਼ਕਲ ਹੋ ਗਿਆ ਸੀ, ਹੁਣ ਉਮੀਦ ਹੈ ਕਿ ਹਾਲਾਤ ਜਲਦ ਹੀ ਆਮ ਵਾਂਗ ਹੋ ਜਾਣਗੇ। ਚਾਰ ਦਿਨਾਂ ’ਚ ਪੂਰਾ ਹੋਵੇਗਾ ਸਫ਼ਾਈ ਦਾ ਕੰਮ ਨਗਰ ਕੌਂਸਲ ਦੇ ਈਓ ਵਰੁਣ ਸਹੋਤਾ ਨੇ ਦੱਸਿਆ ਕਿ ਹੜਤਾਲ ਕਾਰਨ ਸ਼ਹਿਰ ਵਿੱਚ ਵੱਡੀ ਮਾਤਰਾ ’ਚ ਕੂੜਾ ਜਮ੍ਹਾਂ ਹੋ ਗਿਆ ਹੈ। ਅਸੀਂ ਪਹਿਲ ਦੇ ਅਧਾਰ ’ਤੇ ਇਲਾਕਿਆਂ ਤੋਂ ਕੰਮ ਸ਼ੁਰੂ ਕੀਤਾ ਹੈ। ਪੂਰੇ ਸ਼ਹਿਰ ਨੂੰ ਸਾਫ਼ ਕਰਨ ਵਿੱਚ ਕਰੀਬ ਚਾਰ ਦਿਨਾਂ ਦਾ ਸਮੇਂ ਲੱਗੇਗਾ। ਟੀਮਾਂ ਸਵੇਰ-ਸ਼ਾਮ ਕੰਮ ਕਰ ਰਹੀਆਂ ਹਨ। ਜੰਗੀ ਪੱਧਰ ’ਤੇ ਜਾਰੀ ਹੈ ਕੰਮ : ਸਫ਼ਾਈ ਕਰਮਚਾਰੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਨਾਲ ਮੰਗਾਂ ’ਤੇ ਸਕਾਰਾਤਮਕ ਗੱਲਬਾਤ ਤੋਂ ਬਾਅਦ ਵੀਰਵਾਰ ਨੂੰ ਕੰਮ ’ਤੇ ਪਰਤਣ ਦਾ ਫ਼ੈਸਲਾ ਲਿਆ ਗਿਆ। ਅਸੀਂ ਤੁਰੰਤ ਜੇ.ਸੀ.ਬੀ. ਮਸ਼ੀਨਾਂ ਲਗਾ ਕੇ ਕੂੜਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਸਾਡਾ ਵੀ ਹੈ, ਇਸ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਹੈ।