ਕੋਟਕਪੂਰਾ ’ਚ ਪ੍ਰਮੁੱਖ ਸੜਕਾਂ ਦੀ ਮਾੜੀ ਹਾਲਤ ਕਾਰਨ ਲੋਕ ਧੂੜ ਫੱਕਣ ਲਈ ਮਜ਼ਬੂਰ

ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ਸ਼ਹਿਰ ਦੀਆਂ ਜਨਤਕ ਆਵਾਜਾਈ ਵਾਲੀਆਂ ਤਿੰਨ ਪ੍ਰਮੁੱਖ ਸੜਕਾਂ ਨੂੰ ਖੱਡਿਆਂ ਦਾ ਗ੍ਰਹਿਣ ਲੱਗਣ ਕਾਰਨ ਵਹੀਕਲਾਂ ਵਾਲੇ ਅਤੇ ਆਮ ਰਾਹਗੀਰ ਸਾਰਾ ਦਿਨ ਸ਼ਖ਼ਤ ਪ੍ਰੇਸ਼ਾਨੀ ਝੱਲਣ ਲਈ ਮਜ਼ਬੂਰ ਹਨ, ਚਿੰਤਾ ਦੀ ਗੱਲ ਇਹ ਵੀ ਹੈ ਕਿ ਜ਼ਿਆਦਾ ਵਰਤੋਂ ’ਚ ਆਉਣ ਵਾਲੇ ਇਨ੍ਹਾਂ ਰਸਤਿਆਂ ਦੀ ਮਾੜੀ ਹਾਲਤ ਹੋਣ ਕਾਰਨ ਲੋਕ ਪੰਜਾਬ ਸਰਕਾਰ ਅਤੇ ਸਥਾਨਕ ਆਗੂਆਂ ਨੂੰ ਕੋਸਣ ਲਈ ਮਜਬੂਰ ਹਨ। ਕੋਟਕਪੂਰਾ ਸ਼ਹਿਰ ਨੂੰ ਦੇਵੀ ਵਾਲਾ ਸੜਕ, ਬੀੜ ਸਿੱਖਾਂ ਵਾਲਾ ਅਤੇ ਸਿੱਖਾਂ ਵਾਲਾ ਸੰਪਰਕ ਸੜਕਾਂ ਰਾਹੀਂ ਸ਼ਾਹ ਰਾਹ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜੋੜਨ ਵਾਲੀਆਂ ਤਿੰਨਾਂ ਸੰਪਰਕ ਸੜਕਾਂ ਦੀ ਹਾਲਤ ਮਾੜੀ ਹੈ। ਇਨ੍ਹਾਂ ਸੜਕਾਂ ਉਪਰ ਕਈ ਥਾਵਾਂ ’ਤੇ ਬਹੁਤ ਜ਼ਿਆਦਾ ਡੂੰਘੇ ਖੱਡੇ ਬਣ ਚੁੱਕੇ ਹਨ। ਇਹ ਪੱਕੀਆਂ ਸੜਕਾਂ ਪਿੰਡਾਂ ਦੇ ਕੱਚੇ ਰਸਤਿਆਂ ਅਤੇ ਕੱਚੀਆਂ ਪਹੀਆਂ ਦਾ ਭੁਲੇਖਾ ਪਾਉਂਦੀਆਂ ਹਨ। ਸਾਰਾ ਦਿਨ ਉਡਦੀ ਧੂੜ ਤੋਂ ਇੱਥੋਂ ਲੰਘਣ ਵਾਲੇ ਵਹੀਕਲਾਂ ਵਾਲੇ, ਆਮ ਰਾਹਗੀਰ, ਨੇੜਲੇ ਘਰਾਂ ਤੇ ਦੁਕਾਨਾਂ ਵਾਲੇ ਬਹੁਤ ਜ਼ਿਆਦਾ ਪ੍ਰੇਸ਼ਾਨੀ ’ਚੋਂ ਗੁਜ਼ਰ ਰਹੇ ਹਨ।
ਇਨ੍ਹਾਂ ਸੜਕਾਂ ਦੇ ਨੇੜੇ ਰਹਿਣ ਵਾਲੇ ਘਰਾਂ ਅਤੇ ਦੁਕਾਨਾਂ ਵਾਲਿਆਂ ਦਾ ਕਹਿਣਾ ਹੈ ਦੁਕਾਨਾਂ ਅੰਦਰ ਪਿਆ ਸਾਮਾਨ ਮਿੱਟੀ-ਘੱਟੇ ਨਾਲ ਭਰ ਜਾਂਦਾ ਹੈ। ਇਵੇਂ ਹੀ ਘਰਾਂ ਦੀਆਂ ਸੁਆਣੀਆਂ ਵਲੋਂ ਧੁੱਪ ’ਚ ਸੁਕਾਉਣ ਲਈ ਬਾਹਰ ਪਾਏ ਹੋਏ ਕੱਪੜੇ ਘੱਟੇ ਕਾਰਨ ਖ਼ਰਾਬ ਹੋ ਜਾਂਦੇ ਹਨ। ਸਿੱਖਾਂ ਵਾਲਾ ਸੜਕ ਦੀ ਹਾਲਤ ਸ਼ਹਿਰੀ ਆਬਾਦੀ ਅੰਦਰ ਬਹੁਤ ਜ਼ਿਆਦਾ ਚਿੰਤਾਜਨਕ ਹੈ। ਹਾਲਾਂ ਕਿ ਇਸ ਸੜਕ ਨੂੰ ਸ਼ਹਿਰ ਨੂੰ ਸ਼ਾਹ ਰਾਹ ਨਾਲ ਜੋੜਨ ਲਈ ਮਿੰਨੀ ਬਾਈਪਾਸ ਦਾ ਨਾਮ ਦਿੱਤਾ ਗਿਆ ਹੈ। ਇਸ ਦੇ ਦੋਹੀਂ ਪਾਸੀਂ ਆਬਾਦੀ ਬਹੁਤ ਜ਼ਿਆਦਾ ਵਸੀ ਹੋਈ ਹੈ। ਇਸ ਮੌਕੇ ਤੇਜਵੀਰ ਸਿੰਘ, ਰਾਜਵੀਰ ਸਿੰਘ, ਗੁਰਿੰਦਰ ਸਿੰਘ ਨੇ ਦੱਸਿਆ ਕਿ ਸਿੱਖਾਂ ਵਾਲਾ ਸੜਕ ’ਤੇ ਗਊਸ਼ਾਲਾ, ਡੀ.ਏ.ਵੀ ਪਬਲਿਕ ਸਕੂਲ, ਡਰੀਮਲੈਂਡ ਪਬਲਿਕ ਸਕੂਲ, ਅਕਾਲ ਸਹਾਏ ਬੀ.ਐੱਡ ਕਾਲਜ ਸਥਿਤ ਹੋਣ ਕਾਰਨ ਇਸ ਸੜਕ ਉਪਰ ਲੋਕਾਂ ਦੀ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ। ਉਕਤ ਵਿੱਦਿਅਕ ਸੰਸਥਾਵਾਂ ਵਿਚ ਬੱਚਿਆਂ ਨੂੰ ਲਿਜਾਣ ਵਾਲੀਆਂ ਗੱਡੀਆਂ ਵਾਲੇ ਸੜਕ ਦੀ ਮਾੜੀ ਹਾਲਤ ਤੋਂ ਕਾਫ਼ੀ ਪਰੇਸ਼ਾਨ ਹਨ।
ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਮਾਪੇ ਉਕਤ ਸੰਸਥਾਵਾਂ ’ਚ ਦੁਪਹੀਆ ਵਾਹਨਾਂ ਦੁਆਰਾ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਛੱਡ ਕੇ ਆਉਂਦੇ-ਜਾਂਦੇ ਹਨ। ਦੁਪਹੀਆ ਵਾਹਨਾਂ ਉਪਰ ਜਾਣ ਵਾਲੇ ਸਕੂਲੀ ਬੱਚਿਆਂ ਦੀਆਂ ਵਰਦੀਆਂ ਮਿੱਟੀ-ਘੱਟੇ ਕਾਰਨ ਗ਼ੰਦੀਆਂ ਹੋ ਜਾਂਦੀਆਂ ਹਨ। ਇਸ ਮੌਕੇ ਸੁਖਰਾਜ ਸਿੰਘ, ਮਹਿੰਦਰ ਸਿੰਘ, ਬਲਜਿੰਦਰ ਸਿੰਘ ਨੇ ਦੱਸਿਆ ਕਿ ਸਿੱਖਾਂ ਵਾਲਾ ਸੜਕ ਅਤੇ ਬੀੜ ਸਿੱਖਾਂ ਵਾਲਾ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਪਿਛਲੇ 6 ਸਾਲਾਂ ਤੋਂ ਬੇਹੱਦ ਮਾੜੀ ਹੈ। ਇਹ ਸੜਕਾਂ ਸਿੱਖਾਂ ਵਾਲਾ, ਨੰਗਲ, ਚਮੇਲੀ, ਭਾਣਾ, ਢੁੱਡੀ, ਨੱਥੇ ਵਾਲਾ ਨਵਾਂ ਅਤੇ ਪੁਰਾਣਾ ਸਮੇਤ ਕਈ ਪਿੰਡਾਂ ਨੂੰ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਵੇਂ ਹੀ ਦੇਵੀ ਵਾਲਾ ਸੜਕ ਉਪਰ ਸ਼ਹਿਰ ਦੇ ਗ਼ੰਦੇ ਪਾਣੀ ਦੀ ਨਿਕਾਸੀ ਲਈ ਜ਼ਮੀਨਦੋਜ਼ ਪਾਈਪਾਂ ਪਾਉਣ ਇਹ ਸੜਕ ਪੱਟ ਦਿੱਤੀ ਗਈ ਹੈ। ਦੇਵੀ ਵਾਲਾ, ਸਿਰਸੜੀ, ਕੋਟਸੁਖੀਆ, ਧੂੜਕੋਟ, ਬੱਗੇਆਣਾ ਆਦਿ ਪਿੰਡਾਂ ਦੇ ਲੋਕ ਸ਼ਹਿਰ ਵਿਚ ਕਈ ਬਦਲਵੇਂ ਰਸਤੇ ਤਲਾਸ਼ ਕੇ ਆਉਣ ਜਾਣ ਕਰਦੇ ਹਨ, ਜਿਸ ਨਾਲ ਸਮਾਂ ਵਧੇਰੇ ਲੱਗਦਾ ਹੈ ਅਤੇ ਤੇਲ ਵੀ ਵੱਧ ਖ਼ਪਦਾ ਹੈ।
ਕੋਟਕਪੂਰਾ ਸ਼ਹਿਰ ਦੇ ਉਤਰ ਦਿਸ਼ਾ ਵੱਲ ਸਥਿਤ ਇਹ ਤਿੰਨੇ ਸੜਕਾਂ ਦੀ ਇਕੋ ਸਮੇਂ ਹੋਈ ਮਾੜੀ ਹਾਲਤ ਕਾਰਨ ਲੋਕ ਸਰਕਾਰ ਨੂੰ ਕੋਸਣ ਲਈ ਮਜਬੂਰ ਅਤੇ ਬੇਬੱਸੀ ਜਾਹਰ ਕਰ ਰਹੇ ਹਨ। ਬੀੜ ਸਿੱਖਾਂ ਵਾਲਾ ਅਤੇ ਸਿੱਖਾਂ ਵਾਲਾ ਸੜਕ ਨੂੰ ਮੁਰੰਮਤ ਕਰਨ ਦੇ ਨਾਮ ’ਤੇ ਇਸ ਦਾ ਵਜੂਦ ਖ਼ਰਾਬ ਕਰ ਦਿੱਤਾ ਗਿਆ ਅਤੇ ਦੋਹਾਂ ਸੜਕਾਂ ਉਪਰੰਤ ਮੁਰੰਮਤ ਦਾ ਕੰਮ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਲੋਕਾਂ ’ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਹਾਲਾਂ ਕਿ ਦੇਵੀ ਵਾਲਾ ਸੜਕ ਉਪਰ ਪਾਈਪਾਂ ਪਾਉਣ ਦਾ ਕੰਮ ਅਜੇ ਕੁਝ ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ, ਪਰ ਇਹ ਸੜਕ ਵੀ ਆਵਾਜਾਈ ਕਰਨ ਵਾਲੀ ਨਹੀਂ ਰਹੀ।ਸ਼ਹਿਰ ਵਾਸੀ ਨਿਰਮਲ ਸਿੰਘ,ਪ੍ਰੀਤ ਸਿੰਘ,ਨਿਰਵੈਰ ਸਿੰਘ,ਪਰਮਜੀਤ ਸਿੰਘ ਨੇ ਸ਼ਹਿਰ ਨਿਵਾਸੀਆ ਦੀ ਮੰਗ ਹੈ ਕਿ ਉਕਤ ਸੜਕਾਂ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਜਨਤਕ ਆਵਾਜਾਈ ਸੁਖਾਲੀ ਹੋ ਸਕੇ।ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੜਕਾ ਦੇ ਲਗਾਤਾ ਨੀਂਹ ਪੱਥਰ ਰੱਖਕੇ ਬਣਾਈਆਂ ਜਾ ਰਹੀਆਂ ਹਨ। ਉਨ੍ਹੲ ਕਿਹਾ ਕਿ ਇਹੇ ਸੜਕਾਂ ਵੀ ਬਹੁਤ ਜਲਦੀ ਬਣਾਈਆਂ ਜਾ ਰਹੀਆਂ ਹਨ।