ਆਸਮਾਨੋਂ ਵਰ੍ਹਦੀ ਅੱਗ ਨੇ ਜਿਊਣਾ ਕੀਤਾ ਦੁੱਭਰ, ਬਾਜ਼ਾਰਾਂ ਦੀ ਰੌਣਕ ਮਿਟੀ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਜੇਠ ਦੇ ਮਹੀਨੇ ਦੀ ਸ਼ੁਰੂਆਤ ਨਾਲ ਹੀ ਪੈ ਰਹੀ ਤਿੱਖੀ ਗਰਮੀ ਅਤੇ ਲੂ ਵਰਗੀ ਤਪਦੀ ਧੁੱਪ ਨੇ ਜਨਜੀਵਨ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ। ਆਸਮਾਨੋਂ ਵਰ੍ਹਦੀ ਅੱਗ ਵਰਗੀ ਧੁੱਪ ਨੇ ਸੜਕਾਂ, ਬਾਜ਼ਾਰਾਂ ਅਤੇ ਗਲੀਆਂ ਦੀ ਚਹਿਲ-ਪਹਿਲ ਨੂੰ ਮਾਨੋ ਨਿਗਲ ਲਿਆ ਹੋਵੇ। ਦੁਪਹਿਰ ਦੇ ਸਮੇਂ ਹਾਲਾਤ ਇੰਨੇ ਕਠਿਨ ਹੋ ਜਾਂਦੇ ਹਨ ਕਿ ਲੋਕ ਘਰਾਂ ਵਿਚ ਰਹਿਣ ਨੂੰ ਹੀ ਸਭ ਤੋਂ ਵੱਡੀ ਸੁਰੱਖਿਆ ਸਮਝ ਰਹੇ ਹਨ। ਗਰਮੀ ਦੀ ਇਸ ਤੇਜ਼ ਲਹਿਰ ਨੇ ਲੋਕਾਂ ਦੀ ਰੋਜ਼ਾਨਾ ਦਿਨਚਰਿਆ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਹੁਣ ਲੋਕ ਸਿਰਫ਼ ਸਵੇਰੇ ਅਤੇ ਸ਼ਾਮ ਦੇ ਠੰਢੇ ਸਮੇਂ ਵਿਚ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ, ਜਦਕਿ ਦੁਪਹਿਰ ਦੇ ਸਮੇਂ ਬਾਜ਼ਾਰ ਸੁੰਨੇ ਪਏ ਨਜ਼ਰ ਆ ਰਹੇ ਹਨ। ਦੁਕਾਨਦਾਰਾਂ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਗਾਹਕੀ ਨਾ ਹੋਣ ਕਾਰਨ ਉਹ ਜਲਦੀ ਹੀ ਆਪਣੇ ਘਰਾਂ ਵੱਲ ਮੁੜ ਰਹੇ ਹਨ। ਇਸ ਕਹਿਰਵਾਰ ਗਰਮੀ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਉਲਟੀਆਂ, ਦਸਤ, ਡਿਹਾਈਡਰੇਸ਼ਨ ਅਤੇ ਲੂ ਲੱਗਣ ਵਰਗੀਆਂ ਸਮੱਸਿਆਵਾਂ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਭੀੜ ਵਧਣ ਲੱਗੀ ਹੈ। ਲੋਕ ਗਰਮੀ ਤੋਂ ਰਾਹਤ ਲਈ ਠੰਢੇ ਪਦਾਰਥਾਂ ਵੱਲ ਰੁਝਾਨ ਕਰ ਰਹੇ ਹਨ, ਜਿਸ ਵਿਚ ਕੋਲਡ ਡ੍ਰਿੰਕਸ, ਠੰਢੀ ਲੱਸੀ, ਗੰਨੇ ਦਾ ਰਸ, ਆਈਸਕਰੀਮ ਅਤੇ ਨਿੰਬੂ ਪਾਣੀ ਵਰਗੇ ਪਦਾਰਥ ਸ਼ਾਮਿਲ ਹਨ। ਸੜਕਾਂ ’ਤੇ ਹਾਲਾਤ ਹੋਰ ਵੀ ਚਿੰਤਾਜਨਕ ਬਣੇ ਹੋਏ ਹਨ, ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਲਈ। ਤਪਦੀ ਧੁੱਪ ਅਤੇ ਲੂ ਤੋਂ ਬਚਣ ਲਈ ਲੋਕ ਸਿਰ ਅਤੇ ਮੂੰਹ ਨੂੰ ਕੱਪੜਿਆਂ ਨਾਲ ਢੱਕ ਕੇ ਹੀ ਬਾਹਰ ਨਿਕਲ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਗਰਮੀ ਦੀ ਤੀਬਰਤਾ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।
ਲੋਕ ਜ਼ਰੂਰੀ ਕੰਮਾਂ ਲਈ ਹੀ ਘਰੋਂ ਨਿਕਲ ਰਹੇ : ਘੋਚਾ
ਉੱਘੇ ਸਮਾਜ ਸੇਵੀ ਅਤੇ ਮਾਰਕੀਟ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਰਾਕੇਸ਼ ਕੁਮਾਰ ‘ਘੋਚਾ’ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਧ ਰਹੀ ਗਰਮੀ ਨੇ ਲੋਕਾਂ ਦੀ ਆਮ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਰਜ ਦੇਵਤਾ ਦੀ ਤੀਖੀ ਤਪਸ਼ ਕਾਰਨ ਲੋਕ ਸਿਰਫ਼ ਜ਼ਰੂਰੀ ਕੰਮਾਂ ਲਈ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ, ਜਿਸ ਨਾਲ ਬਾਜ਼ਾਰਾਂ ਦੀ ਰੌਣਕ ਵੀ ਲਗਭਗ ਖ਼ਤਮ ਹੋ ਗਈ ਹੈ। ਰਾਕੇਸ਼ ਕੁਮਾਰ ‘ਘੋਚਾ’ ਨੇ ਅੱਗੇ ਕਿਹਾ ਕਿ ਇਸ ਹਾਲਾਤ ਵਿਚ ਸ਼ਹਿਰਾਂ ਅਤੇ ਬਾਜ਼ਾਰਾਂ ਦੀ ਚਹਿਲ-ਪਹਿਲ ਪੂਰੀ ਤਰ੍ਹਾਂ ਘਟ ਗਈ ਹੈ ਅਤੇ ਦੁਕਾਨਦਾਰ ਵੀ ਸੁੰਨੇ ਹੱਥ ਘਰ ਵਾਪਸ ਜਾਣ ਲਈ ਮਜ਼ਬੂਰ ਹਨ। ਗਰਮੀ ਨੇ ਦਿਨਚਰਿਆ ਨੂੰ ਸਵੇਰੇ ਅਤੇ ਸ਼ਾਮ ਤੱਕ ਸੀਮਿਤ ਕਰ ਦਿੱਤਾ ਹੈ, ਜਦਕਿ ਦੁਪਹਿਰ ਦੇ ਸਮੇਂ ਪੂਰਾ ਸ਼ਹਿਰ ਸੁੰਨਾ ਪੈ ਜਾਂਦਾ ਹੈ।
ਗਰਮੀ ਤੋਂ ਬਚਾਅ ਹੀ ਸਭ ਤੋਂ ਵੱਡਾ ਇਲਾਜ : ਡਾ. ਵਰਿੰਦਰ ਕੁਮਾਰ
ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਤਿ ਗਰਮੀ ਵਿਚ ਬਚਾਅ ਹੀ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਦੌਰਾਨ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਉਨ੍ਹਾਂ ਸਲਾਹ ਦਿੱਤੀ ਕਿ ਲੋਕ ਹਲਕੇ, ਢਿੱਲੇ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਣ, ਬਿਨਾਂ ਖਾਧੇ ਜਾਂ ਖਾਲੀ ਪੇਟ ਧੁੱਪ ਵਿਚ ਨਾ ਨਿਕਲਣ ਅਤੇ ਬਾਹਰ ਜਾਣ ਤੋਂ ਪਹਿਲਾਂ ਪੂਰੀ ਤਿਆਰੀ ਕਰਕੇ ਹੀ ਘਰੋਂ ਨਿਕਲਣ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਇਹ ਵੀ ਕਿਹਾ ਕਿ ਦਿਨ ਭਰ ਵੱਧ ਤੋਂ ਵੱਧ ਪਾਣੀ ਪੀਣਾ, ਛਾਂ ਵਿਚ ਰਹਿਣਾ, ਛੱਤਰੀ ਅਤੇ ਧੁੱਪ ਦੀਆਂ ਐਨਕਾਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਜੇ ਕਿਸੇ ਵਿਅਕਤੀ ਵਿਚ ਚਿੜਚਿੜਾਪਨ, ਘਬਰਾਹਟ, ਬੇਚੈਨੀ ਜਾਂ ਅਸਧਾਰਣ ਥਕਾਵਟ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਕੁੱਲ ਮਿਲਾ ਕੇ ਤਪਦੀ ਗਰਮੀ ਨੇ ਨਾ ਸਿਰਫ਼ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਸ਼ਹਿਰਾਂ ਦੀ ਰੌਣਕ ਨੂੰ ਵੀ ਮਾਨੋ ਠਹਿਰਾ ਦਿੱਤਾ ਹੈ। ਲੋਕ ਹੁਣ ਬਰਸਾਤ ਦੀ ਉਡੀਕ ਵਿਚ ਅਸਮਾਨ ਵੱਲ ਨਿਗਾਹਾਂ ਲਗਾਈ ਬੈਠੇ ਹਨ।