ਸੀਐੱਨਜੀ ਟਰੱਕ ’ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ
ਸੀਐੱਨਜੀ ਟਰੱਕ ’ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ
Publish Date: Mon, 11 May 2026 04:56 PM (IST)
Updated Date: Mon, 11 May 2026 04:57 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਬਠਿੰਡਾ ਰੋਡ ਬਾਈਪਾਸ ਗੋਲ ਚੌਕ ਤੇ ਤਨੇਜਾ ਪੈਟਰੋਲ ਪੰਪ ਦੇ ਕੋਲ ਸੋਮਵਾਰ ਦੁਪਹਿਰ ਇੱਕ ਵਜੇ ਸ਼ਾਰਟ ਸਰਕਟ ਕਾਰਨ ਇੱਕ ਸੀਐੱਨਜੀ ਟਰੱਕ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਟਰੱਕ ਦਾ ਕੈਬਿਨ ਅਤੇ ਇੰਜਣ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਚਾਲਕ ਨੇ ਸਮੇਂ ਸਿਰ ਟਰੱਕ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦੂਜੇ ਪਾਸੇ, ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਆਵਾਜਾਈ ਨੂੰ ਵੀ ਰੋਕਣਾ ਪਿਆ। ਟਰੱਕ ਚਾਲਕ ਰਾਕੇਸ਼ ਕੁਮਾਰ ਨਿਵਾਸੀ ਬਠਿੰਡਾ ਨੇ ਦੱਸਿਆ ਕਿ ਉਹ ਬਠਿੰਡਾ ਤੋਂ ਟ੍ਰਾਂਸਫਾਰਮਰ ਲੋਡ ਕਰਕੇ ਮੁਕਤਸਰ ਵੱਲ ਆ ਰਿਹਾ ਸੀ। ਦੁਪਹਿਰ ਕਰੀਬ ਇੱਕ ਵਜੇ ਜਦੋਂ ਉਹ ਬਾਈਪਾਸ ਗੋਲ ਚੌਕ ਕੋਲ ਪਹੁੰਚਿਆ ਤਾਂ ਟਰੱਕ ਦੀ ਬੈਟਰੀ ਵਿੱਚ ਸ਼ਾਰਟ ਸਰਕਟ ਹੋ ਗਿਆ। ਦੇਖਦੇ ਹੀ ਦੇਖਦੇ ਇੰਜਣ ਵਿੱਚੋਂ ਲਪਟਾਂ ਉੱਠਣ ਲੱਗੀਆਂ ਅਤੇ ਪੂਰੇ ਕੈਬਿਨ ਨੂੰ ਲਪੇਟ ਵਿੱਚ ਲੈ ਲਿਆ। ਮੈਂ ਤੁਰੰਤ ਟਰੱਕ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ। ਦੁਕਾਨਦਾਰਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਅੱਗ ਦੀਆਂ ਲਪਟਾਂ ਤੇਜ਼ ਹੋਣ ਕਾਰਨ ਪੁਲਿਸ ਨੇ ਸੁਰੱਖਿਆ ਵਜੋਂ ਟ੍ਰੈਫਿਕ ਰੋਕ ਦਿੱਤਾ। ਕੁਝ ਹੀ ਦੇਰ ਵਿੱਚ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਭਾਰੀ ਜੱਦੋ-ਜਹਿਦ ਤੋਂ ਬਾਅਦ ਅੱਗ ਬੁਝਾਈ। ਖੁਸ਼ਕਿਸਮਤੀ ਰਹੀ ਕਿ ਸਮੇਂ ਸਿਰ ਅੱਗ ਤੇ ਕਾਬੂ ਪਾ ਲਿਆ ਗਿਆ, ਨਹੀਂ ਤਾਂ ਸੀਐੱਨਜੀ ਟੈਂਕੀਆਂ ਫਟਣ ਨਾਲ ਵੱਡਾ ਧਮਾਕਾ ਹੋ ਸਕਦਾ ਸੀ। ਮੌਕੇ ਤੇ ਪਹੁੰਚੇ ਏਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪਹਿਲਾਂ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਬਾਅਦ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਹੁਣ ਸਥਿਤੀ ਆਮ ਵਾਂਗ ਹੈ ਅਤੇ ਆਵਾਜਾਈ ਸੁਚਾਰੂ ਰੂਪ ਵਿੱਚ ਚੱਲ ਰਹੀ ਹੈ। ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ।