ਵਰਕਸ਼ਾਪ ’ਚ ਲੱਗੀ ਅੱਗ ਨਾਲ ਕਈ ਵਾਹਨ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ
ਮੋਗਾ-ਜਲੰਧਰ ਹਾਈਵੇ ‘ਤੇ ਸਥਿਤ ਬੁੱਘੀਪੁਰਾ
Publish Date: Sat, 18 Apr 2026 05:02 PM (IST)
Updated Date: Sun, 19 Apr 2026 04:04 AM (IST)

ਕਟਰ ਦੀ ਚਿੰਗਾਰੀ ਜਾਂ ਸਪਾਰਕਿੰਗ ਕਾਰਨ ਹਾਦਸੇ ਦੀ ਸੰਭਾਵਨਾ, ਜੱਦੋਜਹਿਦ ਤੋਂ ਬਾਅਦ ਪਾਇਆ ਕਾਬੂ ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਮੋਗਾ-ਜਲੰਧਰ ਹਾਈਵੇ ‘ਤੇ ਸਥਿਤ ਬੁੱਘੀਪੁਰਾ ਚੌਂਕ ਨੇੜੇ ਸ਼ਨੀਵਾਰ ਦੁਪਹਿਰ ਇਕ ਡੈਂਟਿੰਗ-ਪੈਂਟਿੰਗ ਵਰਕਸ਼ਾਪ ਵਿਚ ਲੱਗੀ ਭਿਆਨਕ ਅੱਗ ਨੇ ਇਲਾਕੇ ਵਿਚ ਹੜਕੰਪ ਮਚਾ ਦਿੱਤਾ। ਅੱਗ ਨੇ ਇੰਨੀ ਤੇਜ਼ੀ ਨਾਲ ਰਫ਼ਤਾਰ ਫੜੀ ਕਿ ਕੁਝ ਹੀ ਮਿੰਟਾਂ ਵਿਚ ਵਰਕਸ਼ਾਪ ਅਤੇ ਇਸ ਦੇ ਬਾਹਰ ਖੜੀਆਂ ਕਈ ਗੱਡੀਆਂ ਅੱਗ ਦੀ ਲਪੇਟਵਿੱਚ ਆ ਗਈਆਂ। ਇਸ ਹਾਦਸੇ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮੈਡੀਸਿਟੀ ਹਸਪਤਾਲ ਨੇੜੇ ਸਥਿਤ ਬਾਬਾ ਖੇਤਰ ਪਾਲ ਸਪੇਅਰ ਪਾਰਟ ਨਾਮਕ ਵਰਕਸ਼ਾਪ ਵਿਚ ਇਕ ਕਰਮਚਾਰੀ ਵੱਲੋਂ ਪੁਰਾਣੀ ਗੱਡੀ ਦੀ ਮੁਰੰਮਤ ਦੌਰਾਨ ਕਟਰ ਨਾਲ ਕਟਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਨਿਕਲੀ ਚਿੰਗਆਰੀ ਨੇ ਨੇੜੇ ਪਈ ਜਲਣਸ਼ੀਲ ਸਮੱਗਰੀ ਨੂੰ ਅੱਗ ਲਗਾ ਦਿੱਤੀ। ਵਰਕਸ਼ਾਪ ਵਿਚ ਮੌਜੂਦ ਪੇਂਟ, ਥਿਨਰ, ਕੈਮੀਕਲ ਅਤੇ ਵਾਹਨਾਂ ਦੇ ਇੰਧਨ ਨੇ ਅੱਗ ਨੂੰ ਹੋਰ ਭੜਕਾ ਦਿੱਤਾ, ਜਿਸ ਕਾਰਨ ਅੱਗ ਨੇ ਕੁਝ ਹੀ ਸਮੇਂ ਵਿਚ ਭਿਆਨਕ ਰੂਪ ਧਾਰ ਲਿਆ। ਦ੍ਰਿਸ਼ ਅਜਿਹਾ ਸੀ ਕਿ ਅੱਗ ਦੀਆਂ ਉੱਚੀਆਂ ਲਪਟਾਂ ਅਤੇ ਕਾਲੇ ਧੂੰਏਂ ਦੇ ਗੁੱਛੇ ਦੂਰੋਂ ਹੀ ਦਿਖਾਈ ਦੇ ਰਹੇ ਸਨ। ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਆਸ-ਪਾਸ ਦੇ ਲੋਕ ਆਪਣੀਆਂ ਦੁਕਾਨਾਂ ਅਤੇ ਘਰਾਂ ਤੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਦੌੜ ਪਏ। ਕੁਝ ਲੋਕਾਂ ਨੇ ਹਿੰਮਤ ਕਰਕੇ ਅੱਗ ਵਿਚ ਘਿਰੇ ਵਾਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਅੱਗ ਦੀ ਤੀਬਰਤਾ ਦੇ ਸਾਹਮਣੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦਾ ਅਭਿਆਨ ਸ਼ੁਰੂ ਕੀਤਾ ਗਿਆ। ਅੱਗ ਦੀ ਤੀਬਰਤਾ ਦੇ ਮੱਦੇਨਜ਼ਰ ਕਈ ਘੰਟਿਆਂ ਤੱਕ ਮੁਸ਼ਕਲ ਜੱਦੋਜਹਿਦ ਜਾਰੀ ਰਹੀ। ਆਖ਼ਰਕਾਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ‘ਤੇ ਕਾਬੂ ਪਾ ਲਿਆ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਇਲਾਕੇ ਨੂੰ ਸੀਲ ਕਰਕੇ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਭੀੜ ਨੂੰ ਦੂਰ ਰੱਖਿਆ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਮੁੱਢਲੀ ਜਾਂਚ ਵਿੱਚ ਕਟਰ ਦੀ ਚਿੰਗਾਰੀ ਨੂੰ ਅੱਗ ਲੱਗਣ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ, ਪਰ ਵਰਕਸ਼ਾਪ ਮਾਲਕਾਂ ਨੇ ਇਸ ਗੱਲ ‘ਤੇ ਸੰਦੇਹ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉੱਚ ਵੋਲਟੇਜ ਬਿਜਲੀ ਤਾਰਾਂ ਤੋਂ ਨਿਕਲੀ ਚਿੰਗਾਰੀ ਵੀ ਇਸ ਹਾਦਸੇ ਦਾ ਕਾਰਨ ਹੋ ਸਕਦੀ ਹੈ। ਪ੍ਰਸ਼ਾਸਨ ਵੱਲੋਂ ਦੋਵਾਂ ਪੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਅੱਗ ਕਾਰਨ ਕਈ ਵਾਹਨ ਪੂਰੀ ਤਰ੍ਹਾਂ ਸੜ ਕੇ ਖ਼ਾਕ ਹੋ ਗਏ ਹਨ, ਜਦਕਿ ਵਰਕਸ਼ਾਪ ਦੀ ਇਮਾਰਤ ਅਤੇ ਅੰਦਰ ਪਈ ਮਸ਼ੀਨਰੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਅਜੇ ਤੱਕ ਦੇ ਅੰਦਾਜ਼ੇ ਮੁਤਾਬਕ ਨੁਕਸਾਨ ਲੱਖਾਂ ਰੁਪਏ ਵਿੱਚ ਦੱਸਿਆ ਜਾ ਰਿਹਾ ਹੈ, ਜੋ ਹੋਰ ਵੀ ਵੱਧ ਸਕਦਾ ਹੈ। ਇਹ ਘਟਨਾ ਇਕ ਵਾਰ ਫਿਰ ਵਰਕਸ਼ਾਪਾਂ ਅਤੇ ਉਦਯੋਗਿਕ ਸਥਾਨਾਂ ‘ਤੇ ਅੱਗ-ਸੁਰੱਖਿਆ ਉਪਕਰਣਾਂ ਦੀ ਘਾਟ ਅਤੇ ਲਾਪਰਵਾਹੀ ਨੂੰ ਉਜਾਗਰ ਕਰਦੀ ਹੈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ, ਜੋ ਕਿ ਇਕ ਵੱਡੀ ਰਾਹਤ ਦੀ ਗੱਲ ਹੈ। ਫਿਲਹਾਲ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਸਥਿਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਜਾਂਚ ਜਾਰੀ ਹੈ।