ਕਾਲਜ ਦੇ ਫੈਸ਼ਨ ਡਿਜਾਇਨਿੰਗ ਵਿਭਾਗ ਨੇ ਲਗਾਈ ਪ੍ਰਦਰਸ਼ਨੀ
ਐੱਸਡੀ ਕਾਲਜ ਫਾਰ ਵੋਮੈਨ ਮੋਗਾ ਨੇ
Publish Date: Sat, 09 May 2026 03:37 PM (IST)
Updated Date: Sun, 10 May 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਐੱਸਡੀ ਕਾਲਜ ਫਾਰ ਵੋਮੈਨ ਮੋਗਾ ਨੇ ਪੰਜਾਬ ਯੂਨੀਵਰਸਿਟੀ ਦੇ ਡੀਨ ਕਾਲਜ ਡਿਵੈਲਮੈਂਟ ਕੌਂਸਲ ਵੱਲੋਂ ਪੀਯੂ ਸਕਿੱਲ ਟੂ ਮਾਰਕੀਟ ਹੱਬ ਦੇ ਉਦਘਾਟਨੀ ਸਮਾਰੋਹ ’ਚ ਫੈਸ਼ਨ ਡਿਜਾਇਨਿੰਗ ਵਿਭਾਗ ਨੇ ਪ੍ਰਦਰਸ਼ਨੀ ਲਗਾਈ। ਪ੍ਰਦਰਸ਼ਨੀ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੂੰ ਵਿੱਗ ਸਨ। ਵਾਈਸ ਚਾਂਸਲਰ ਡੀਯੂਆਈ ਪ੍ਰੋਫੈਸਰ ਜਾਚਨਾ ਰਾਵਤ, ਰਜਿਸਟਰਾਰ ਵਾਈਪੀ ਵਰਮਾ, ਪ੍ਰੋਫੈਸਰ ਰਵੀਇੰਦਰ ਸਿੰਘ ਅਤੇ ਵੱਖ-ਵੱਖ ਕਾਲਜਾਂ ਤੋਂ ਆਏ ਪ੍ਰਿੰਸੀਪਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ ਆਉਂਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਦਾ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ । ਮੋਗਾ ਜ਼ਿਲ੍ਹਾ ਦੇ ਸਕਿੱਲ ਟੂ ਮਾਰਕੀਟ ਹੱਬ ਨੋਡਲ ਅਫ਼ਸਰ ਕਾਲਜ ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਅਤੇ ਰੁਜ਼ਗਾਰ ਯੋਗਤਾਵਾਂ ਵਿਚ ਵਾਧਾ ਕਰਦੇ ਹਨ ਅਤੇ ਕੰਪਿਊਟਰ, ਫੈਸ਼ਨ ਡੀਜ਼ਾਇਨਿੰਗ, ਫੂਡ, ਹੈਰੀਟੇਜ ਆਈਟਮ ਅਤੇ ਫਾਈਨ ਆਟਰਸ ਆਦਿ ਦੇ ਵਿਸ਼ਿਆਂ ਦੇ ਹੁਨਰ ਨੂੰ ਨਿਖਾਰਨ ਦਾ ਵਧੀਆ ਉਪਰਾਲਾ ਹੈ। ਇਸ ਪ੍ਰਦਰਸ਼ਨੀ ਵਿਚ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਗਏ ਆਧੁਨਿਕ ਅਤੇ ਪਰੰਪਰਾਗਤ ਪਹਿਰਾਵੇ, ਹੈਂਡਮੇਡ ਜੁਲਰੀ, ਕੱਢਾਈ ਵਾਲੇ ਡਿਜ਼ਾਇਨ, ਫੈਬਰਿਕ ਪੇਂਟਿੰਗ ਅਤੇ ਸਜ਼ਾਵਟੀ ਸਮਾਨ ਨੂੰ ਵਿਸ਼ੇਸ਼ ਤੌਰ ’ਤੇ ਦਰਸ਼ਕਾਂ ਲਈ ਪੇਸ਼ ਕੀਤਾ ਗਿਆ। ਵਿਦਿਆਰਥਣਾਂ ਦੀ ਨਵੀਂ ਸੋਚ ਅਤੇ ਕਲਾ-ਕੌਸ਼ਲ ਨੂੰ ਦਰਸ਼ਕਾਂ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਭਰਪੂਰ ਸ਼ਲਾਘਾ ਮਿਲੀ। ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਹੁਨਰ ਨੂੰ ਮਾਰਕੀਟ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਪ੍ਰੇਰਿਤ ਕਰਨਾ ਸੀ। ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੇ ਰਚਨਾਤਮਿਕ ਉਤਪਾਦਾਂ ਰਾਹੀਂ ਇਹ ਸਾਬਤ ਕੀਤਾ ਕਿ ਉਹ ਫੈਸ਼ਨ ਅਤੇ ਡਿਜ਼ਾਇਨਿੰਗ ਦੇ ਖੇਤਰ ਵਿਚ ਉਜਲਾ ਭਵਿੱਖ ਰੱਖਦੀਆਂ ਹਨ। ਪ੍ਰਦਰਸ਼ਨੀ ਦਾ ਪ੍ਰਬੰਧ ਮਨਦੀਪ ਸ਼ਰਮਾ ਵੱਲੋਂ ਕੀਤਾ ਗਿਆ।