ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਦਫ਼ਤਰ ਵਿਖੇ ਸੰਯੁਕਤ ਕਿਸਾਨ ਮੋਰਚਾ ਜਥੇਬੰਦੀਆਂ ਦੀ ਮੀਟਿੰਗ ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਸੈਕਟਰੀ ਜਗਜੀਤ ਸਿੰਘ ਕੁਲਹਿੰਦ ਕਿਸਾਨ ਸਭਾ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮੀਟਿੰਗ ਹੋਈ। ਮੀਟਿੰਗ ਵਿਚ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਬੀਕੇਯੂ ਉਗਰਾਹਾਂ, ਗੁਰਬੀਰ ਸਿੰਘ ਬੀਕੇਯੂ ਰਾਜੇਵਾਲ, ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਕਿਰਤੀ ਕਿਸਾਨ ਯੂਨੀਅਨ, ਜਸਵੀਰ ਸਿੰਘ ਬੁੱਕਣ ਵਾਲਾ ਕੌਮੀ ਕਿਸਾਨ ਯੂਨੀਅਨ ਆਗੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਜੋ ਅੱਜ ਭਾਰਤ ਦੇਸ਼ ਦਾ ਮਾਹੌਲ ਚੱਲ ਰਿਹਾ ਹੈ, ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਵੱਲੋਂ ਗੱਲਬਾਤ ਕਰਦਿਆਂ ਕਿਹਾ ਗਿਆ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਅਤੇ ਬੀਬੀਐੱਮਬੀ ਬੋਰਡ ’ਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ 2 ਜੂਨ 2026 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਮੋਗਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਐੱਸਕੇਐੱਮ ਦੇ ਆਗੂਆਂ ਨੇ ਕਿਹਾ ਹੈ ਕਿ ਪਿਛਲੇ 3 ਮਹੀਨਿਆਂ ਵਿਚ ਡੀਜ਼ਲ 12 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਅੱਜ ਡੀਜ਼ਲ 98 ਰੁਪਏ ਲੀਟਰ ਨੂੰ ਪਾਰ ਕਰ ਗਿਆ ਹੈ। ਟਰੈਕਟਰ, ਟਿਊਬਵੈੱਲ, ਕੰਬਾਈਨ ਹਰ ਚੀਜ਼ ਡੀਜ਼ਲ ਨਾਲ ਚੱਲਦੀ ਹੈ। ਸਾਉਣੀ ਦੀ ਬਿਜਾਈ ਸਿਰ ’ਤੇ ਹੈ ਅਤੇ ਸਰਕਾਰ ਨੇ ਡੀਜ਼ਲ ਕੀਮਤਾਂ ਵਾਲਾ ਬੰਬ ਸੁੱਟ ਦਿੱਤਾ ਹੈ। ਇਕ ਕਿੱਲੇ ਝੋਨੇ ਦੀ ਲਵਾਈ ਦਾ ਖ਼ਰਚਾ 1500 ਰੁਪਏ ਵੱਧ ਗਿਆ ਹੈ ਕਿਉਂਕਿ ਡੀਜ਼ਲ ਮਹਿੰਗਾ ਹੋਣ ਨਾਲ ਜੋਤਾਈ, ਵਹਾਈ, ਗਹਾਈ, ਢੁਆਈ ਸੱਭ ਕੁੱਝ ਮਹਿੰਗਾ ਹੋ ਗਿਆ। C2 50 ਫ਼ੀਸਦੀ ਫਾਰਮੂਲੇ ਤਹਿਤ ਐੱਮਐੱਸਪੀ ਮਿਲਣੀ ਤਾਂ ਦੂਰ ਲਾਗਤ ਵੀ ਪੂਰੀ ਨਹੀਂ ਹੋ ਰਹੀ। ਕੇਂਦਰ ਦੀ ਐਕਸਾਈਜ਼ ਡਿਊਟੀ ’ਤੇ ਸੂਬੇ ਦਾ ਵੈਟ ਮਿਲਾ ਕੇ 55 ਫ਼ੀਸਦੀ ਹਿੱਸਾ ਟੈਕਸ ਦਾ ਹੈ। ਸਰਕਾਰਾਂ ਕਿਸਾਨਾਂ ਦੀ ਕਮਾਈ ’ਤੇ ਡਾਕਾ ਮਾਰ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚਾ ਆਗੂਆਂ ਨੇ ਮੀਟਿੰਗ ਦੌਰਾਨ ਕਿਹਾ ਹੈ ਕਿ 2 ਜੂਨ ਨੂੰ ਹਰ ਡੀਸੀ ਦਫ਼ਤਰ ਅੱਗੇ ਟਰੈਕਟਰ-ਟਰਾਲੀਆਂ ਸਮੇਤ ਹਜ਼ਾਰਾਂ ਕਿਸਾਨ ਪਹੁੰਚਣਗੇ। ਖਾਲੀ ਡੀਜ਼ਲ ਦੇ ਡਰੰਮ ਵਜਾ ਕੇ ਸਰਕਾਰ ਨੂੰ ਜਗਾਇਆ ਜਾਵੇਗਾ। ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਡੀਸੀ ਰਾਹੀਂ ਦਿੱਤੇ ਜਾਣਗੇ। ਇਸ ਮੌਕੇ ਜਗਸੀਰ ਸਿੰਘ ਜੱਗੀ ਬਾਘਾ ਪੁਰਾਣਾ, ਹਰਜੀਤ ਸਿੰਘ ਮਨਾਵਾਂ, ਬਲਕਰਨ ਸਿੰਘ ਢਿੱਲੋਂ, ਨਿਰਮਲ ਸਿੰਘ ਮੌਜਗੜ, ਸਰਜੀਤ ਸਿੰਘ ਮੌਜਗੜ੍ਹ ਅਤੇ ਨਿਰਮਲ ਸਿੰਘ ਆਦਿ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ।