ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤ

ਸਰਕਾਰ ’ਤੇ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਮੁੱਕਰਨ ਦੇ ਲਗਾਏ ਦੋਸ਼
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਸੈਂਕੜੇ ਕਿਸਾਨਾਂ ਮਜਦੂਰਾਂ ਵੱਲੋਂ ਦਾਣਾ ਮੰਡੀ ਵਿਖੇ ਦਿੱਲੀ ਅੰਦੋਲਨ 2 ਦੇ ਸ਼ੁਭਕਰਨ ਸਿੰਘ ਬੱਲੋ ਸਮੇਤ ਸਾਰੇ ਮਾਰੇ ਗਏ ਕਿਸਾਨਾਂ ਨੂੰ 2 ਮਿੰਟ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕੀ ਖੜ੍ਹੇ ਭਾਰਤੀ ਰਾਜ ਪ੍ਰਬੰਧ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕਰਨ ਦਾ ਅਹਿਦ ਕੀਤਾ ਗਿਆ ਅਤੇ ਕਿਸਾਨਾਂ ’ਤੇ ਕੇਂਦਰ ਸਰਕਾਰ ਅਤੇ ਕੇਜਰੀਵਾਲ ਦੀ ਮਰਜ਼ੀ ਮੁਤਾਬਕ ਜ਼ਬਰ ਢਾਹੁਣ ਤੇ ਕਿਸਾਨਾਂ ਨਾਲ ਬਾਰ ਬਾਰ ਮੀਟਿੰਗਾਂ ਰੱਖ ਕੇ ਮੁੱਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਦਾ ਰੈਲੀ ਤੋਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁੱਖ ਮੰਤਰੀ ਦੀ ਅਰਥੀ ਫ਼ੂਕ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ, ਬੀਕੇਯੂ ਬਹਿਰਾਮ ਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ, ਬੀਕੇਯੂ ਏਕਤਾ ਅਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ ਦੋਧਰ, ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਦਿੱਲੀ ਅੰਦੋਲਨ 2 ਦੌਰਾਨ ਸ਼ੰਭੂ ਖਨੌਰੀ ਬਾਰਡਰ ਉੱਤੇ 21 ਫਰਵਰੀ 2024 ਨੂੰ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ ਬੱਲੋ ਸਮੇਤ ਹੋਰ 50 ਤੋਂ ਵੱਧ ਮਾਰੇ ਗਏ ਕਿਸਾਨਾਂ, ਮਜ਼ਦੂਰ ਬੀਬੀਆਂ ਨੂੰ ਯਾਦ ਕਰਨਾ ਜ਼ਰੂਰੀ ਹੈ ਕਿਉਂਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਿੱਤਾ ਤਬਾਹ ਕਰਕੇ ਹੌਂਦ ਨੂੰ ਖ਼ਤਰਾ ਬਣਾ ਦਿੱਤਾ ਹੈ ਜਿਵੇਂ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਵਪਾਰਕ ਸੰਧੀ ਕਰਨ ’ਤੇ ਬਿਜਲੀ ਸੋਧ ਬਿੱਲ 2025 ਤੇ ਬੀਜ ਐਕਟ 2025 ਲਾਗੂ ਕਰਨ ਤੇ ਨਵੇਂ ਲੇਬਰ ਕੋਡ ਲਿਆਕੇ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਸਾਰੇ ਜਨਤਕ ਅਦਾਰੇ ਆਰਥਿਕ ਸੋਮੇਂ ’ਤੇ ਖੇਤੀ ਸੈਕਟਰ ਦਾ ਮਨਸੂਬਾ ਬਣਾ ਲਿਆ ਹੈ, ਇਸ ਲਈ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਯਾਦ ਕਰਕੇ ਹੀ ਅਸੀਂ ਆਪਣੀ ਹੌਂਦ, ਧਰਤੀ ਹਵਾ ਪਾਣੀ ਤੇ ਖੇਤੀ ਬਚਾ ਸਕਦੇ ਹਾਂ ਹੋਰ ਸਾਡੇ ਕੋਲ ਕੋਈ ਵੀ ਚਾਰਾ ਨਹੀਂ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪਹਿਲਾਂ 7 ਜਨਵਰੀ ਤੇ ਹੁਣ 20 ਫਰਵਰੀ ਨੂੰ ਕਿਸਾਨ ਮੰਗਾਂ ਦੇ ਹੱਲ ਲਈ ਕਿਸਾਨ ਆਗੂਆਂ ਨਾਲ ਮੀਟਿੰਗ ਰੱਖ ਕੇ ਮੁੱਕਰ ਚੁੱਕੀ ਹੈ,ਇਸ ਲਈ ਮੁੱਖ ਮੰਤਰੀ ਸਮੇਤ ਮੰਤਰੀਆਂ ਤੇ ਵਿਧਾਇਕਾਂ ਦਾ ਪੰਜਾਬ ਭਰ ਵਿਚ ਆਉਣ ਉਤੇ ਭਾਰੀ ਵਿਰੋਧ ਕੀਤਾ ਜਾਵੇਗਾ ਅਤੇ ਸਵਾਲ ਪੁੱਛੇ ਜਾਣਗੇ। ਕਿਸਾਨ ਆਗੂਆਂ ਨੇ ਇਕੱਠ ਵੱਲੋਂ ਪਾਸ ਕੀਤੇ ਮਤਿਆਂ ਰਾਹੀਂ ਮੰਗ ਕੀਤੀ ਕਿ ਦਿੱਲੀ ਅੰਦੋਲਨ 2 ਦੇ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ 3 ਕਰੋੜ 77 ਲੱਖ ਰੁਪਏ ਦੇ ਟਰਾਲੀਆਂ ਸਮੇਤ ਸਾਰੇ ਨਸ਼ਟ ਅਤੇ ਚੋਰੀ ਹੋਏ ਸਮਾਨ ਦੀ ਭਰਪਾਈ ਕੀਤੀ ਜਾਵੇ, ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਵਿਉਪਾਰਕ ਸੰਧੀ ਰੱਦ ਕੀਤੀ ਜਾਵੇ, ਬਿਜਲੀ ਸੋਧ ਬਿੱਲ, ਬੀਜ ਐਕਟ 2025 ਦਾ ਖਰੜਾ ਰੱਦ ਕੀਤਾ ਜਾਵੇ, ਨਵੇਂ 4 ਲੇਬਰ ਕੋਡ ਤੇ ਇਕ ਦੇਸ਼ ਇਕ ਭੂੰਮੀ ਰਿਜ਼ਰਵੇਸ਼ਨ ਦਾ ਕਾਨੂੰਨ ਰੱਦ ਕੀਤਾ ਜਾਵੇ, ਹੜਾਂ ਦਾ ਮੁਆਵਜ਼ਾ ਤੇ ਪਰਾਲੀ ਦੇ ਪਰਚੇ ਰੱਦ ਕੀਤੇ ਜਾਣ, ਕਿਸਾਨਾਂ ਮਜਦੂਰਾਂ ਦਾ ਕਰਜ਼ਾ ਖ਼ਤਮ, ਐੱਮਐੱਸਪੀ ਦੀ ਗਰੰਟੀ ਦਾ ਕਾਨੂੰਨ ਤੇ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ।ਇਸ ਮੌਕੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ, ਗੁਰਦੇਵ ਸਿੰਘ ਸਾਹ ਵਾਲਾ, ਗੁਰਮੇਲ ਸਿੰਘ, ਜਗਰੂਪ ਸਿੰਘ ਰਡਿਆਲਾ, ਜਗਰਾਜ ਸਿੰਘ ਦੱਦਾ ਹੂਰ, ਬਲਜਿੰਦਰ ਸਿੰਘ ਸ਼ੰਭੂ, ਗੁਰਮੇਲ ਸਿੰਘ ਲੋਹਗੜ੍ਹ, ਗੁਰਭੇਜ ਸਿੰਘ ਸਾਹ, ਦਰਸ਼ਨ ਸਿੰਘ ਮੋਗਾ, ਨਛੱਤਰ ਸਿੰਘ ਹੇਰ, ਰਣਜੀਤ ਸਿੰਘ ਬੁੱਟਰ ਹਰਬੰਸ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਸਨ