ਕਿਸਾਨਾਂ ਨੂੰ ਡਿਜੀਟਲ ਖੇਤੀਬਾੜੀ ਸਬੰਧੀ ਕੀਤਾ ਗਿਆ ਜਾਗਰੂਕ
ਸੈਂਟਰਜ਼ ਫ਼ਾਰ ਪ੍ਰੋਜੈਕਟਸ ਫ਼ਾਊਂਡੇਸ਼ਨ
Publish Date: Fri, 08 May 2026 03:38 PM (IST)
Updated Date: Sat, 09 May 2026 04:03 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸੈਂਟਰਜ਼ ਫ਼ਾਰ ਪ੍ਰੋਜੈਕਟਸ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੀਆਂ ਸੁਸਾਇਟੀਆਂ ’ਚ ਕਿਸਾਨ ਜਾਗਰੂਕਤਾ ਕੈਂਪ ਅਤੇ ਫੋਕਸ ਗਰੁੱਪ ਵਿਚਾਰ-ਚਰਚਾ ਕੀਤੀ ਗਈ। ਜਿਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਟਿਕਾਊ ਖੇਤੀ ਪ੍ਰਣਾਲੀਆਂ, ਪਾਣੀ ਦੀ ਸੰਭਾਲ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਡਿਜ਼ੀਟਲ ਖੇਤੀਬਾੜੀ ਨਾਲ ਸੰਬੰਧਿਤ ਨਵੀਆਂ ਜਾਣਕਾਰੀਆਂ ਬਾਰੇ ਜਾਗਰੂਕ ਕਰਨਾ ਸੀ ਤਾਂ ਜੋ ਖੇਤੀ ਨੂੰ ਹੋਰ ਲਾਭਕਾਰੀ ਅਤੇ ਭਵਿੱਖ ਲਈ ਸੁਰੱਖਿਅਤ ਬਣਾਇਆ ਜਾ ਸਕੇ। ਕਿਸਾਨ ਜਾਗਰੂਕਤਾ ਕੈਂਪ ਦੌਰਾਨ ਡਾ. ਹਰਦੀਪ ਕੁਮਾਰ, ਡਾ. ਕੁਲਦੀਪ ਸਿੰਘ ਮਰਖਈ ਅਤੇ ਸਾਗਰ ਸੂਰੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਉਨ੍ਹਾਂ ਨੇ ਆਉਣ ਵਾਲੇ ਖੇਤੀਬਾੜੀ ਮੌਸਮ ਸਬੰਧੀ ਕਿਸਾਨਾਂ ਨਾਲ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਕੈਂਪ ਵਿਚ ਲਗਭਗ 50 ਕਿਸਾਨਾਂ ਨੇ ਭਾਗ ਲਿਆ ਅਤੇ ਖੇਤੀ ਨਾਲ ਜੁੜੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਮਾਹਿਰਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਡਾ. ਕੁਲਦੀਪ ਸਿੰਘ ਮਰਖਈ ਨੇ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਤਿਆਰ ਕਰਨ ਦੇ ਸੁਚੱਜੇ ਢੰਗ, ਪਾਣੀ ਦੀ ਬਚਤ ਕਰਨ ਵਾਲੀਆਂ ਤਕਨੀਕਾਂ, ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਅਤੇ ਸੰਤੁਲਿਤ ਖਾਦ ਪ੍ਰਬੰਧਨ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ। ਕੈਂਪ ਦੌਰਾਨ ਕਿਸਾਨਾਂ ਨੇ ਖੇਤਾਂ ਵਿਚ ਆ ਰਹੀਆਂ ਮੁਸ਼ਕਲਾਂ, ਪਾਣੀ ਦੀ ਘਾਟ, ਵਧ ਰਹੇ ਖਰਚਿਆਂ ਅਤੇ ਮਿੱਟੀ ਦੀ ਘਟਦੀ ਉਪਜਾਊ ਸ਼ਕਤੀ ਸਬੰਧੀ ਆਪਣੀਆਂ ਚਿੰਤਾਵਾਂ ਮਾਹਿਰਾਂ ਨਾਲ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਕਰਵਾਈ ਗਈ ਫੋਕਸ ਗਰੁੱਪ ਵਿਚਾਰ-ਚਰਚਾ ਵਿਚ ਲਗਭਗ 25 ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਡਾ. ਹਰਦੀਪ ਕੁਮਾਰ ਅਤੇ ਸਾਗਰ ਸੂਰੀ ਨੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਦਿਆਂ ਡਿਜ਼ੀਟਲ ਖੇਤੀਬਾੜੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਅੰਤ ’ਚ ਕਿਸਾਨਾਂ ਨੇ ਕਿਹਾ ਕਿ ਅਜਿਹੇ ਜਾਗਰੂਕਤਾ ਕੈਂਪ ਸਮੇਂ ਦੀ ਲੋੜ ਹਨ ਕਿਉਂਕਿ ਇਨ੍ਹਾਂ ਰਾਹੀਂ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਅਤੇ ਬਦਲਦੇ ਸਮੇਂ ਅਨੁਸਾਰ ਖੇਤੀ ਕਰਨ ਦੀ ਸਹੀ ਦਿਸ਼ਾ ਮਿਲਦੀ ਹੈ।