ਕੰਵਲਜੀਤ ਦੀ ਮੌਤ ਮਾਮਲੇ ’ਚ ਕਿਸਾਨ, ਮਜ਼ਦੂਰ ਜਥੇਬੰਦੀਆਂ ਨੇ ਲਾਇਆ ਧਰਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਸ਼ਹਿਰ ਦੇ ਗੁਰੂ ਨਾਨਕ ਦੇਵ ਜੀ ਚੌਂਕ ’ਚ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਚਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਕੁਲਦੀਪ ਸਿੰਘ ਨੇਤਾ, ਗੁਰਮੇਲ ਸਿੰਘ ਗੇਲਾ ਕੁਰਾਈਵਾਲਾ ਤੇ ਹੋਰਨਾਂ ਆਗੂਆਂ ਨੇ ਕੀਤੀ। ਧਰਨੇ ’ਚ ਬਾਬਾ ਬੰਦਾ ਬਹਾਦਰ, ਕਿਸਾਨ ਜਥੇਬੰਦੀ ਭਾਰਤ ਅਤੇ ਏਟਕ ਜਥੇਬੰਦੀ ਤੇ ਸੁਰਜੀਤ ਸਿੰਘ ਇਕਾਈ ਪ੍ਰਧਾਨ ਸਿੱਧੂਪੁਰ ਤੇ ਸੁਖਮੰਦਰ ਸਿੰਘ ਮਾਲਵਾ ਹਰੀਕੇ ਕਿਸਾਨ ਜਥੇਬੰਦੀ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ 8 ਮਈ ਨੂੰ ਪਿੰਡ ਸ਼ੇਰਗੜ੍ਹ ਵਿਖੇ ਜ਼ਮੀਨ ਦੇ ਰੌਲੇ ਦੌਰਾਨ ਵਕੀਲ ਗੁਰਜੀਤ ਸਿੰਘ ਤੇਜਧਾਰ ਹਥਿਆਰਾਂ ਨਾਲ ਲੈਸ ਆਪਣੇ 16-17 ਸਾਥੀਆਂ ਨਾਲ ਖੇਤ ਆਇਆ। ਇਸ ਝਗੜੇ ਦੌਰਾਨ ਕੰਵਲਜੀਤ ਸਿੰਘ ਜਖ਼ਮੀ ਹੋ ਗਿਆ ਸੀ। ਵਕੀਲ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਆਗੂਆਂ ਨੇ ਦੱਸਿਆ ਕਿ ਸਾਡੇ ਬੰਦੇ ਕੰਵਲਜੀਤ ਸਿੰਘ ਦੀ 17 ਮਈ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ। ਆਗੂਆਂ ਨੇ ਕਿਹਾ ਕਿ ਪੁਲਿਸ ਨੇ ਦੂਜੀ ਧਿਰ ਦੇ ਦਬਾਅ ’ਚ ਕੰਵਲਜੀਤ ਅਤੇ ਸਾਡੇ ਦੋ ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਸੀ। ਉਨਾਂ ਕਿਹਾ ਮਰਨ ਤੋਂ ਪਹਿਲਾਂ ਕੰਵਲਜੀਤ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਪੁਲਿਸ ਨੇ ਇਕ ਨਾਮਜ਼ਦ ਤੇ ਦੋ ਅਣਪਛਾਤਿਆਂ ’ਤੇ ਪਰਚਾ ਦਰਜ ਕੀਤਾ ਸੀ ਪਰ ਉਸਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਜਿਨ੍ਹਾਂ ਚਿਰ ਪਰਚੇ ’ਚ ਨਾਮਜ਼ਦ ਵਿਕਅਤੀ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਬਾਕੀ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਚਰਨਜੀਤ ਸਿੰਘ (ਜ਼ਿਲ੍ਹਾ ਪ੍ਰਧਾਨ), ਹਰਜੀਤ ਸਿੰਘ ਟਿਕਾਣੀ, ਸੁਖਵਿੰਦਰ ਸਿੰਘ, ਨਾਨਕ ਸਿੰਘ, ਜਗਦੇਵ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਵਰਕਰ ਅਤੇ ਕਿਸਾਨ ਆਗੂ ਹਾਜ਼ਰ ਸਨ। ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਲੜਾਈ ਇਨਸਾਫ਼ ਮਿਲਣ ਤੱਕ ਜਾਰੀ ਰਹੇਗੀ।
ਓਧਰ ਡੀਐਸਪੀ ਮਲੋਟ ਨੇ ਕਿਹਾ ਕਿ ਬੀਤੀ 08 ਮਈ ਨੂੰ ਪਿੰਡ ਸ਼ੇਰਗੜ੍ਹ ਵਿਖੇ ਜ਼ਮੀਨ ਦੇ ਰੌਲੇ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਇਸ ਦੌਰਾਨ ਇਕ ਵਕੀਲ ਦਾ ਕਤਲ ਹੋ ਗਿਆ ਸੀ ਜਿਸਤੋਂ ਬਾਅਦ ਪੁਲਿਸ ਨੇ ਤਿੰਨ ਵਿਅਕਤੀਆਂ ਜਗਮੀਤ ਸਿੰਘ ਪੁੱਤਰ ਕੰਵਲਜੀਤ ਸਿੰਘ, ਕੰਵਲਜੀਤ ਸਿੰਘ ਪੁੱਤਰ ਬੰਤ ਸਿੰਘ ਅਤੇ ਬੰਤ ਸਿੰਘ ਵਾਸੀਆਨ ਸ਼ੇਰਗੜ੍ਹ ਖਿਲਾਫ਼ ਪਰਚਾ ਦਰਜ ਕੀਤਾ ਸੀ। ਜਿਸ ਵਿੱਚ ਜਗਮੀਤ ਸਿੰਘ ਦੀ ਗ੍ਰਿਫ਼ਤਾਰੀ ਪਾ ਲਈ ਸੀ। ਕੰਵਲਜੀਤ ਸਿੰਘ ਦੀ ਲੱਤ ’ਤੇ ਸੱਟ ਸੀ ਅਤੇ ਉਹ ਸ਼ੂਗਰ ਦਾ ਮਰੀਜ ਸੀ ਜਿਸਦੀ ਮੌਤ ਹੋ ਗਈ। ਕੰਵਲਜੀਤ ਮਰਨ ਤੋਂ ਪਹਿਲਾਂ ਬਿਆਨ ਦੇ ਗਿਆ ਸੀ ਜਿਸਦੇ ਅਧਾਰ ’ਤੇ ਰਾਜੂ ਮੁਨਸੀ ਤੇ ਹੋਰ ਦੋ ਅਣਪਛਾਤੇ ਵਿਅਕਤੀਆਂ ਖਿਲਾ਼ਫ ਪਰਚਾ ਦਰਜ਼ ਕੀਤਾ ਸੀ। ਮਾਮਲੇ ਦੀ ਜਾਂਚ ਚਲ ਰਹੀ ਹੈ।