ਫਰਦ ਕੇਂਦਰਾਂ ਦੀ ਹੜਤਾਲ ਕਾਰਨ ਕਿਸਾਨਾਂ ਦੇ ਕੰਮ ਠੱਪ
ਫਰਦ ਕੇਂਦਰਾਂ ਦੀ ਹੜਤਾਲ ਕਾਰਨ ਕਿਸਾਨਾਂ ਦੇ ਬੈਂਕੀ ਕੰਮ ਠੱਪ, ਪ੍ਰਾਈਵੇਟ ਸੈਂਟਰਾਂ ਦੀ ਮਨਮਾਨੀ ਨਾਲ ਵਧਿਆ ਆਰਥਿਕ ਬੋਝ
Publish Date: Wed, 13 May 2026 03:27 PM (IST)
Updated Date: Thu, 14 May 2026 04:00 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਫਰਦ ਕੇਂਦਰਾਂ ਵਿਚ ਪਿਛਲੇ ਕਾਫ਼ੀ ਦਿਨਾਂ ਤੋਂ ਚੱਲ ਰਹੀ ਲਗਾਤਾਰ ਹੜਤਾਲ ਨੇ ਆਮ ਲੋਕਾਂ ਦੇ ਨਾਲ-ਨਾਲ ਕਿਸਾਨ ਵਰਗ ਨੂੰ ਵੀ ਭਾਰੀ ਮੁਸ਼ਕਲਾਂ ਵਿਚ ਧੱਕ ਦਿੱਤਾ ਹੈ। ਹੜਤਾਲ ਕਾਰਨ ਫਰਦ ਕੇਂਦਰਾਂ ਤੋਂ ਪਿਛਲੇ 12 ਸਾਲਾਂ ਦਾ ਰਿਕਾਰਡ ਅਤੇ ਲੋੜੀਂਦਾ ਡਾਟਾ ਨਾ ਮਿਲਣ ਕਰਕੇ ਕਿਸਾਨਾਂ ਦੇ ਬੈਂਕਾਂ ਨਾਲ ਸੰਬੰਧਿਤ ਕਈ ਅਹਿਮ ਕੰਮ ਠੱਪ ਪਏ ਹੋਏ ਹਨ। ਕਰਜ਼ੇ, ਕੇਸੀਸੀ, ਜ਼ਮੀਨੀ ਰਿਕਾਰਡ ਅਤੇ ਹੋਰ ਵਿੱਤੀ ਕਾਰਵਾਈਆਂ ਲਈ ਲੋੜੀਂਦੀ ਫਰਦ ਨਾ ਮਿਲਣ ਕਾਰਨ ਕਿਸਾਨ ਚਿੰਤਾ ਵਿਚ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮਜ਼ਬੂਰੀ ਵੱਸ ਜਦੋਂ ਉਹ ਆਪਣੀ ਫਰਦ ਪ੍ਰਾਈਵੇਟ ਅਦਾਰਿਆਂ ਤੋਂ ਆਨਲਾਈਨ ਕੱਢਵਾਉਂਦੇ ਹਨ ਤਾਂ ਉਨ੍ਹਾਂ ਤੋਂ ਮਨਮਾਨੇ ਰੇਟ ਵਸੂਲੇ ਜਾ ਰਹੇ ਹਨ। ਜਿੱਥੇ ਸਰਕਾਰੀ ਫਰਦ ਕੇਂਦਰਾਂ ਵਿਚ ਇੱਕ ਸਫੇ ਦੀ ਫਰਦ ਸਿਰਫ਼ 25 ਰੁਪਏ ਵਿਚ ਆਸਾਨੀ ਨਾਲ ਮਿਲ ਜਾਂਦੀ ਹੈ, ਉੱਥੇ ਹੀ ਪ੍ਰਾਈਵੇਟ ਸੈਂਟਰ ਇੱਕ ਸਫੇ ਦੇ 50 ਤੋਂ 100 ਰੁਪਏ ਤੱਕ ਵਸੂਲ ਰਹੇ ਹਨ। ਇਸ ਕਾਰਨ ਕਿਸਾਨਾਂ ’ਤੇ ਆਰਥਿਕ ਬੋਝ ਦੋਗੁਣਾ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਬਰਬਾਦ ਹੋਣ ਨਾਲ ਉਹ ਵੱਡੇ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ ਅਤੇ ਹੁਣ ਫਰਦਾਂ ਦੇ ਵਧੇ ਹੋਏ ਰੇਟ ਉਨ੍ਹਾਂ ਦੀ ਆਰਥਿਕਤਾ ਦਾ ਲੱਕ ਤੋੜ ਰਹੇ ਹਨ। ਕਿਸਾਨਾਂ ਅਨੁਸਾਰ ਸਰਕਾਰ ਨੂੰ ਤੁਰੰਤ ਇਸ ਮਾਮਲੇ ਵਿਚ ਦਖ਼ਲ ਦੇ ਕੇ ਫਰਦ ਕੇਂਦਰਾਂ ਦੀ ਹੜਤਾਲ ਦਾ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਲੋਕਾਂ ਅਤੇ ਕਿਸਾਨਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਪੰਜਾਬ ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਢਿੱਲੋਂ ਜੈਤੋ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਫਰਦ ਕੇਂਦਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਕਿਸਾਨ ਵੱਡੀ ਗਿਣਤੀ ਵਿਚ ਸੰਘਰਸ਼ ਦੇ ਸਮਰਥਨ ਵਿਚ ਮੈਦਾਨ ਵਿਚ ਉਤਰਣਗੇ। ਨਛੱਤਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਦਾ ਖਮਿਆਜ਼ਾ ਸਿੱਧਾ ਕਿਸਾਨਾਂ ਅਤੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਜਿਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।