ਬਿਜਲੀ ਕੱਟਾਂ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਫੁੱਟਿਆ
ਪੰਜਾਬ ਵਿਚ ਵਧ ਰਹੇ ਬਿਜਲੀ ਸੰਕਟ
Publish Date: Wed, 29 Apr 2026 04:29 PM (IST)
Updated Date: Thu, 30 Apr 2026 04:05 AM (IST)

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਐਕਸੀਅਨ ਦਫ਼ਤਰਾਂ ਅੱਗੇ ਕੀਤਾ ਰੋਸ ਮੁਜ਼ਾਹਰਾ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਪੰਜਾਬ ਵਿਚ ਵਧ ਰਹੇ ਬਿਜਲੀ ਸੰਕਟ ਅਤੇ ਲਗਾਤਾਰ ਲੱਗ ਰਹੇ ਕੱਟਾਂ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਮੋਗਾ ਵਿਚ ਦੋ ਐਕਸੀਅਨਾਂ ਦੇ ਦਫ਼ਤਰਾਂ ਅੱਗੇ ਧਰਨਾ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਇਹ ਧਰਨਾ ਸੂਬਾ ਕਮੇਟੀ ਦੇ ਸੱਦੇ ’ਤੇ ਕੀਤਾ ਗਿਆ, ਜਿਸ ਵਿਚ ਬਲਾਕ ਧਰਮਕੋਟ ਮੋਗਾ-1ਡਗਰੂ ਅਤੇ ਮੋਗਾ-2 ਅਜੀਤਵਾਲ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਵੀ ਧਰਨੇ ਨੂੰ ਭਰਪੂਰ ਸਮਰਥਨ ਦਿੱਤਾ। ਇਸ ਧਰਨੇ ਦੌਰਾਨ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਬੀਕੇਯੂ ਏਕਤਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਜਗਰਾਜ ਸਿੰਘ, ਜ਼ਿਲ੍ਹਾ ਆਗੂ ਬਲਜਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਜਗਮੋਹਣ ਸਿੰਘ ਕੰਗ, ਬਲਾਕ ਪ੍ਰਧਾਨ ਗੁਰਜੀਤ ਸਿੰਘ ਜਲਾਲਾਬਾਦ, ਸੀਨੀਅਰ ਮੀਤ ਪ੍ਰਧਾਨ ਟਹਿਲ ਸਿੰਘ ਝੰਡੇਆਣਾ, ਬਲਾਕ ਪ੍ਰਧਾਨ ਸੰਦੀਪ ਸਿੰਘ ਚੂਹੜਚੱਕ ਅਤੇ ਜ਼ਿਲ੍ਹਾ ਕੈਸ਼ੀਅਰ ਜਗਜੀਤ ਸਿੰਘ ਸਮਰਾ ਸਮੇਤ ਕਈ ਹੋਰ ਆਗੂਆਂ ਨੇ ਬਿਜਲੀ ਕੱਟਾਂ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ’ਤੇ ਚਿੰਤਾ ਜਤਾਈ। ਇਸ ਮੌਕੇ ਕਿਸਾਨ ਯੂਨੀਅਨ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਲਗਾਤਾਰ ਬਿਜਲੀ ਨਾ ਹੋਣ ਕਾਰਨ ਕਿਰਤੀ ਵਰਗ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਗਈ ਹੈ। ਤਿੱਖੀ ਗਰਮੀ ਵਿਚ ਲੋਕ ਰਾਤ ਨੂੰ ਢੰਗ ਨਾਲ ਨੀਂਦ ਨਹੀਂ ਲੈ ਸਕਦੇ, ਮੱਛਰਾਂ ਦੀ ਭਰਮਾਰ ਕਾਰਨ ਬਿਮਾਰੀਆਂ ਵਧ ਰਹੀਆਂ ਹਨ। ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਖੇਤਾਂ ਵਿਚ ਬੀਜੀਆਂ ਚਰੀਆਂ ਅਤੇ ਬਰਸੀਨ ਪਾਣੀ ਦੀ ਘਾਟ ਕਾਰਨ ਸੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਰਥਿਕ ਤੌਰ ’ਤੇ ਪਰੇਸ਼ਾਨ ਕਿਸਾਨ ਅਤੇ ਮਜ਼ਦੂਰ ਵਰਗ ਲਈ ਇਹ ਹਾਲਾਤ ਹੋਰ ਵੀ ਗੰਭੀਰ ਬਣ ਰਹੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਵਿਚ ਇਸ ਸਮੇਂ 12 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਦੀ ਲੋੜ ਹੈ, ਜਦਕਿ ਉਪਲੱਬਧਤਾ ਲਗਭਗ 4700 ਮੈਗਾਵਾਟ ਹੀ ਹੈ, ਜਿਸ ਕਰਕੇ ਲੰਬੇ-ਲੰਬੇ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਗਲਤ ਸਰਕਾਰੀ ਨੀਤੀਆਂ ਕਾਰਨ ਸਰਕਾਰੀ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਹਨ ਅਤੇ ਹੁਣ ਪ੍ਰਾਈਵੇਟ ਪਲਾਂਟਾਂ ’ਤੇ ਨਿਰਭਰਤਾ ਵਧ ਗਈ ਹੈ, ਜਿਸ ਨਾਲ ਸੰਕਟ ਹੋਰ ਗਹਿਰਾ ਹੋ ਰਿਹਾ ਹੈ। ਆਗੂਆਂ ਨੇ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਨਹਿਰਾਂ ’ਤੇ ਛੋਟੇ ਹਾਈਡਲ ਪ੍ਰੋਜੈਕਟ ਲਗਾ ਕੇ ਬਿਜਲੀ ਉਤਪਾਦਨ ਵਧਾਇਆ ਜਾ ਸਕਦਾ ਹੈ। ਉਨ੍ਹਾਂ ਦੌਧਰ ਇਲਾਕੇ ਵਿਚ ਲੱਗੇ ਪ੍ਰੋਜੈਕਟ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਸ ਨਾਲ ਤਿੰਨ ਪਿੰਡਾਂ ਨੂੰ ਸਪਲਾਈ ਮਿਲ ਰਹੀ ਹੈ। ਇਸ ਦੇ ਨਾਲ ਹੀ ਸੂਰਜੀ ਊਰਜਾ ਨੂੰ ਵਧਾਵਾ ਦੇਣ ਅਤੇ ਲੋਕਾਂ ਨੂੰ ਸੋਲਰ ਸਿਸਟਮ ਲਗਾਉਣ ਲਈ ਸਬਸਿਡੀ ਦੇਣ ਦੀ ਵੀ ਮੰਗ ਕੀਤੀ ਗਈ। ਪੌਣ ਊਰਜਾ ਦੇ ਖੇਤਰ ਵਿਚ ਵੀ ਭਾਰਤ ਲਈ ਵੱਡੀਆਂ ਸੰਭਾਵਨਾਵਾਂ ਦਰਸਾਉਂਦਿਆਂ ਆਗੂਆਂ ਨੇ ਕਿਹਾ ਕਿ ਇਸ ਪਾਸੇ ਗੰਭੀਰਤਾ ਨਾਲ ਕੰਮ ਕੀਤਾ ਜਾਣਾ ਚਾਹੀਦਾ ਹੈ। ਧਰਨੇ ਦੌਰਾਨ ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਸਰਕਾਰੀ ਢਾਂਚੇ ਨੂੰ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਪੂਲ ਵਿਚੋਂ ਪੰਜਾਬ ਨੂੰ ਵੱਧ ਬਿਜਲੀ ਦਿੱਤੀ ਜਾਵੇ ਅਤੇ ਸੂਬੇ ਵਿਚ ਉੱਤਪਾਦਨ ਸਮਰੱਥਾ ਵਧਾ ਕੇ ਬਿਜਲੀ ਸੰਕਟ ਦਾ ਪੱਕਾ ਹੱਲ ਕੀਤਾ ਜਾਵੇ। ਅੰਤ ਵਿਚ ਕਿਸਾਨ ਆਗੂਆਂ ਨੇ ਐਕਸੀਅਨ ਨੂੰ ਮੰਗ ਪੱਤਰ ਸੌਂਪਿਆ ਅਤੇ ਸਰਕਾਰ ਖ਼ਿਲਾਫ਼ ਨਾਰੇਬਾਜ਼ੀ ਕਰਦਿਆਂ ਧਰਨਾ ਸਮਾਪਤ ਕੀਤਾ, ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।