‘ਸੀਡ ਵਿਲੇਜ’ ਪ੍ਰੋਗਰਾਮ ਤਹਿਤ ਮੌੜ ’ਚ ਸਿਖਲਾਈ ਕੈਂਪ ਲਗਾਇਆ
ਸੀਡ ਵਿੱਲੇਜ ਪ੍ਰੋਗਰਾਮ ਤਹਿਤ ਪਿੰਡ ਮੌੜ ’ਚ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
Publish Date: Mon, 23 Feb 2026 05:46 PM (IST)
Updated Date: Mon, 23 Feb 2026 05:49 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਬਲਾਕ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਮੌੜ ਵਿਖੇ ਸੀਡ ਵਿੱਲੇਜ ਪ੍ਰੋਗਰਾਮ ਅਧੀਨ ਕਿਸਾਨ ਸਿਖਲਾਈ ਕੈਪ ਦਾ ਆਯੋਜਨ ਕੀਤਾ ਗਿਆ। ਡਾ. ਹਰਮਨਜੀਤ ਸਿੰਘ, ਏਡੀਓ, ਪੀਪੀ ਵੱਲੋਂ ਕਿਸਾਨਾਂ ਨੂੰ ਦੱਸਿਆ ਕਿ ਸੀਡ ਵਿਲੇਜ ਪ੍ਰੋਗਰਾਮ ( ਬੀਜ ਗ੍ਰਾਮ ਯੋਜਨਾ) ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਖੇਤੀਬਾੜੀ ਪਹਿਲਕਦਮੀ ਹੈ, ਜਿਸਦਾ ਉਦੇਸ਼ ਪਿੰਡ ਪੱਧਰ ਤੇ ਕਿਸਾਨਾਂ ਨੂੰ ਉੱਚ-ਗੁਣਵੱਤਾ ਵਾਲੇ ਬੀਜਾਂ ਦੀ ਉਪਲਬਧਤਾ ਵਧਾਉਣਾ ਅਤੇ ਕਿਸਾਨਾਂ ਨੂੰ ਬੀਜ ਉਤਪਾਦਨ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਸਾਨਾਂ ਨੂੰ ਕਣਕ, ਝੋਨੇ ਅਤੇ ਬਾਸਮਤੀ ਦਾ ਬੀਜ ਖੁਦ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਤੇ ਕਿਸਾਨਾਂ ਨੂੰ ਖਾਦਾਂ ਅਤੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਕਣਕ ਵਿਚ ਸੁੰਡੀ ਦੀ ਰੋਕਥਾਮ ਬਾਰੇ ਵੀ ਜਾਗਰੂਕ ਕੀਤਾ ਗਿਆ। ਡਾ. ਹਰਮਨਦੀਪ ਸਿੰਘ, ਏਡੀਓ, ਸਰਕਲ ਬਧਾਈ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਖਰਚੇ ਘਟਾਉਣ ਲਈ ਮਿੱਟੀ ਅਤੇ ਪਾਣੀ ਦੀ ਪਰਖ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਦੀ ਪਰਖ ਨਾਲ ਖਾਦਾਂ ਦੀ ਸਹੀ ਮਿਕਦਾਰ ਦਾ ਪਤਾ ਲੱਗਦਾ ਹੈ, ਜਿਸ ਨਾਲ ਫਾਲਤੂ ਖਰਚਾ ਬਚਦਾ ਹੈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮਾੜੇ ਪਾਣੀ ਕਾਰਨ ਜ਼ਮੀਨ ਬੰਜਰ ਹੋ ਸਕਦੀ ਹੈ, ਇਸ ਲਈ ਟਿਊਬਵੈੱਲ ਦੇ ਪਾਣੀ ਦੀ ਟੈਸਟਿੰਗ ਕਰਵਾ ਕੇ ਹੀ ਫਸਲ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਜੇਕਰ ਪਾਣੀ ਵਿਚ ਕਾਲਾ ਸ਼ੋਰਾ ਹੈ ਤਾਂ ਸੁਧਾਰ ਲਈ ਸਰਕਾਰ ਵੱਲੋਂ ਜਿਪਸਮ ਤੇ 50 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਕਣਕ ਦੀ ਫਸਲ ’ਚ ਤਾਪਮਾਨ ਵਿੱਚ ਹੋ ਰਹੇ ਵਾਧੇ ਨੂੰ ਦੇਖਦਿਆਂ, ਜਿੱਥੇ ਲੋੜ ਹੋਵੇ ਉੱਥੇ ਹਲਕੀ ਸਿੰਚਾਈ ਕਰੋ। ਇਸ ਨਾਲ ਫਸਲ ਨੂੰ ਹੀਟ ਸਟ੍ਰੈੱਸ (ਗਰਮੀ ਦੀ ਮਾਰ) ਤੋਂ ਬਚਾਇਆ ਜਾ ਸਕਦਾ ਹੈ। ਪੋਟਾਸ਼ੀਅਮ ਨਾਈਟਰੇਟ ਦਾ ਛਿੜਕਾਅ ਦਾਣੇ ਭਰਨ ਦੇ ਸਮੇਂ ਗਰਮੀ ਦੇ ਮਾੜੇ ਪ੍ਰਭਾਵ ਨੂੰ ਘਟਾਉਣ ਲਈ 2% ਪੋਟਾਸ਼ੀਅਮ ਨਾਈਟਰੇਟ (13:0:45) ਦਾ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ ਹੈ (4 ਕਿਲੋ ਖਾਦ 200 ਲੀਟਰ ਪਾਣੀ ਵਿੱਚ ਪ੍ਰਤੀ ਏਕੜ)। ਪੀਲੀ ਕੁੰਗੀ ਲਈ ਫਸਲ ਦੀ ਲਗਾਤਾਰ ਨਿਗਰਾਨੀ ਰੱਖੋ। ਜੇਕਰ ਕਿਤੇ ਪੀਲੀ ਕੁੰਗੀ ਦੇ ਨਿਸ਼ਾਨ ਦਿਖਾਈ ਦੇਣ, ਤਾਂ ਤੁਰੰਤ ਸਿਫਾਰਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ (ਜਿਵੇਂ ਕਿ ਟਿਲਟ ਜਾਂ ਨੈਟੀਵੋ) ਦਾ ਛਿੜਕਾਅ ਕਰੋ। ਡਾ. ਸ਼ਵਿੰਦਰ ਸਿੰਘ, ਏਡੀਓ (ਜ.ਕ) ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਨਰਮੇ ਦੀ ਗੁਲਾਬੀ ਸੁੰਡੀ ਛਿਟੀਆਂ ਦੇ ਢੇਰਾਂ ਵਿਚ ਅੱਧ-ਖਿੜੇ ਟੀਡਿਆਂ ’ਚ ਅਜੇ ਵੀ ਮੌਜੂਦ ਹੈ। ਇਸ ਕਰਕੇ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਛਿਟੀਆਂ ਦੇ ਢੇਰਾਂ ਨੂੰ ਝਾੜ ਕੇ ਰੱਖੀਏ ਅਤੇ ਅੱਧ-ਖਿੜੇ ਟੀਡਿਆਂ ਨੂੰ ਨਸ਼ਟ ਕਰ ਦਈਏ ਜਾਂ ਛਿਟੀਆਂ ਨਰਮੇ ਦੀ ਬਿਜਾਈ ਤੋਂ ਪਹਿਲਾ-ਪਹਿਲਾ ਵਰਤ ਲਈਆ ਜਾਣ ਤਾਂ ਜੋ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਘਰੇਲੂ ਬਗੀਚੀ ਬਣਾਉਣ ਅਤੇ ਆਪਣੀ ਘਰੇਲੂ ਖ਼ਪਤ ਲਈ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਖੇਤਾਂ ਵਿਚ ਚੂਹਿਆਂ ਦੀ ਰੋਕਥਾਮ ਸੰਬੰਧੀ ਵੀ ਜਾਣਕਾਰੀ ਦਿੱਤੀ। ਨਵਦੀਪ ਕੌਰ ਏਐਸਆਈ ਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਈਕੇਵਾਈਸੀ ਕਰਵਾਉਣ ਲਈ ਜਾਗਰੂਕ ਕੀਤਾ ਅਤੇ ਇਸ ਸਕੀਮ ਅਧੀਨ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਉਚਿੱਤ ਹੱਲ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਟਰੇਨਿੰਗ ਦਾ ਸਾਰਾ ਪ੍ਰਬੰਧ ਸਵਰਨਜੀਤ ਸਿੰਘ, ਏਟੀਐਮ (ਆਤਮਾ) ਅਤੇ ਦੀਪਇੰਦਰ ਸਿੰਘ, ਸੇਵਦਾਰ ਵੱਲੋਂ ਕੀਤਾ ਗਿਆ। ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਅਤੇ ਹੋਰ ਕਿਸਾਨ ਹਾਜ਼ਰ ਸਨ। ਇਸਤੋਂ ਇਲਾਵਾ ਅੰਤ ’ਚ ਵਿਭਾਗ ਵੱਲੋਂ ਗਰਮੀ ਰੁੱਤ ਦੀਆਂ ਸਬਜ਼ੀਆਂ ਜਿਵੇਂ ਕੱਦੂ, ਅੱਲਾਂ, ਤੋਰੀਆਂ ਅਤੇ ਮਿਰਚਾਂ ਦੀ ਨਰਸਰੀ ਅਤੇ ਆਤਮਾ ਸਕੀਮ ਅਧੀਨ ਚੂਹੇਮਾਰ ਦਵਾਈ ਦਾ ਚੋਗਾ ਬਣਾ ਕੇ ਵੰਡ ਕੀਤੀ ਗਈ।