ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਫਰੀਦਕੋਟ ਵਿੱਚ 'ਪੰਜਾਬ ਬਚਾਓ ਰੈਲੀ' ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਕਈ ਵੱਡੇ ਐਲਾਨ ਕੀਤੇ। ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ ਤਾਂ ਸੂਬੇ ਦਾ ਵਿਕਾਸ ਹੋ ਸਕੇ।

ਹਰਪ੍ਰੀਤ ਸਿੰਘ ਚਾਨਾ/ਵਿਕਾਸ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਫਰੀਦਕੋਟ ਵਿੱਚ 'ਪੰਜਾਬ ਬਚਾਓ ਰੈਲੀ' ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਕਈ ਵੱਡੇ ਐਲਾਨ ਕੀਤੇ। ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ ਤਾਂ ਸੂਬੇ ਦਾ ਵਿਕਾਸ ਹੋ ਸਕੇ।
ਸੁਖਬੀਰ ਸਿੰਘ ਬਾਦਲ ਨੇ ਰੈਲੀ ਵਿੱਚ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਲੜਾਈ ਹੁਣ ਸ਼ੁਰੂ ਹੋ ਗਈ ਹੈ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ, ਅਤੇ ਦੂਜੇ ਪਾਸੇ ਦਿੱਲੀ ਅਧਾਰਤ ਸਾਰੀਆਂ ਪਾਰਟੀਆਂ ਹਨ। ਇਹ ਪਾਰਟੀਆਂ ਸਿਰਫ਼ ਪੰਜਾਬ 'ਤੇ ਰਾਜ ਕਰਨ ਲਈ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਦਰਦ ਤੁਸੀਂ ਆਪਣੀ ਖੇਤਰੀ ਪਾਰਟੀ ਵਿੱਚ ਮਹਿਸੂਸ ਕਰਦੇ ਹੋ, ਉਹ ਕਿਸੇ ਹੋਰ ਪਾਰਟੀ ਵਿੱਚ ਮਹਿਸੂਸ ਨਹੀਂ ਹੁੰਦਾ। ਕਾਂਗਰਸ ਨੇ 25 ਸਾਲ ਰਾਜ ਕੀਤਾ ਪਰ ਪੰਜਾਬ ਵਿੱਚ ਵਿਕਾਸ ਦਾ ਇੱਕ ਵੀ ਸੰਕੇਤ ਨਹੀਂ ਦਿਖਾ ਸਕਦੀ। ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਜ਼ੁਬਾਨੀ ਹਮਲਾ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਓ।
ਉਹਨਾਂ ਕਿਹਾ ਕੀ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਪੰਜਾਬ ਨੂੰ ਕਰਜ਼ੇ ਹੇਠਾਂ ਡੋਬ ਦਿੱਤਾ ਅੱਜ ਪੰਜਾਬ ਉੱਤੇ ਸਾਢੇ ਚਾਰ ਲੱਖ ਕਰੋੜ ਦਾ ਕਰਜ਼ਾ ਚੜਾ ਦਿੱਤਾ ਹੈ ਜਦ ਕਿ ਪਿਛਲੇ 56 ਸਾਲਾਂ ਵਿੱਚ ਪੰਜਾਬ ਸਿਰਫ ਢਾਈ ਲੱਖ ਕਰੋੜ ਦਾ ਕਰਜ਼ਾ ਸੀ ,ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਕਾਰਜ ਕਾਲ ਦੇ ਚਾਰ ਸਾਲਾਂ ਵਿੱਚ ਹੀ ਦੋ ਲੱਖ ਕਰੋੜ ਦਾ ਕਰਜ਼ਾ ਹੋਰ ਸਿਰ ਚੜ੍ਹਾ ਦਿੱਤਾ। ਉਹਨਾਂ ਆਮ ਆਦਮੀ ਪਾਰਟੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਦਿੱਲੀ ਬੈਠੇ ਨੇਤਾਵਾਂ ਦਾ ਖਰਚਾ ਵੀ ਪੰਜਾਬ ਦੇ ਖਜ਼ਾਨੇ ਵਿੱਚੋਂ ਜਾ ਰਿਹਾ ਹੈ
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ 2027 ਵਿੱਚ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਪੰਜਾਬ ਦੇ ਦਰਿਆਵਾਂ ਵਿੱਚ ਇੱਕ ਵੀ ਫੈਕਟਰੀ ਜਾਂ ਸੀਵਰੇਜ ਦਾ ਪਾਣੀ ਨਹੀਂ ਵਹਿਣ ਦਿੱਤਾ ਜਾਵੇਗਾ। ਇਸ ਲਈ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ। ਇਸ ਦੇ ਨਾਲ ਨਾਲ ਰਾਜ ਕਨਾਲ ਰਾਹੀ ਰਾਜਸਥਾਨ ਜਾਣ ਵਾਲਾ ਪਾਣੀ ਵੀ ਪੂਰਾ ਦਾ ਪੂਰਾ ਪੰਜਾਬ ਨੂੰ ਹੀ ਦਿੱਤਾ ਜਾਵੇਗਾ।
ਸੁਖਬੀਰ ਬਾਦਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਈ ਅਹਿਮ ਐਲਾਨ ਕੀਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ 'ਤੇ 75 ਫ਼ੀਸਦੀ ਨੌਕਰੀਆਂ ਪੰਜਾਬੀ ਨੌਜਵਾਨਾਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ। ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ।
ਸਿੱਖਿਆ ਤੇ ਸਿਹਤ: ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਬਣਾਇਆ ਜਾਵੇਗਾ। ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਗਰੀਬ ਬੱਚਿਆਂ ਲਈ 50 ਫ਼ੀਸਦੀ ਸੀਟਾਂ ਰਾਖਵੀਆਂ ਹੋਣਗੀਆਂ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਸਰਕਾਰ ਚੁੱਕੇਗੀ।
ਬਿਜਲੀ ਤੇ ਖੇਤੀ: ਖੇਤੀ ਲਈ 12 ਘੰਟੇ ਬਿਜਲੀ ਦਿੱਤੀ ਜਾਵੇਗੀ।
ਸਮਾਜਿਕ ਭਲਾਈ: ਬਜ਼ੁਰਗਾਂ ਦੀ ਪੈਨਸ਼ਨ ਵਧਾ ਕੇ 3100 ਰੁਪਏ ਮਹੀਨਾ ਕੀਤੀ ਜਾਵੇਗੀ ਅਤੇ ਗਰੀਬ ਲੜਕੀਆਂ ਦੇ ਵਿਆਹ ਲਈ 1 ਲੱਖ ਰੁਪਏ ਸ਼ਗਨ ਸਕੀਮ ਦਿੱਤੀ ਜਾਵੇਗੀ।
ਆਟਾ-ਦਾਲ ਸਕੀਮ: ਸਰਕਾਰ ਬਣਨ ਦੇ ਪਹਿਲੇ ਹਫ਼ਤੇ ਹੀ ਆਟਾ-ਦਾਲ ਯੋਜਨਾ ਮੁੜ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਮਿਲੇਗੀ।
ਖੇਡਾਂ ਤੇ ਸੱਭਿਆਚਾਰ: ਕਬੱਡੀ ਵਰਲਡ ਕੱਪ, ਪਸ਼ੂ ਮੇਲੇ ਅਤੇ ਪਿੰਡਾਂ ਦੀਆਂ ਰਵਾਇਤੀ ਖੇਡਾਂ (ਜਿਵੇਂ 'ਸੀਪ') ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।
ਉਨ੍ਹਾਂ ਕੇਜਰੀਵਾਲ ਨੂੰ 'ਵੱਡਾ ਠੱਗ' ਦੱਸਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਨ੍ਹਾਂ ਦੇ ਝੂਠ ਵਿੱਚ ਨਹੀਂ ਆਉਣਗੇ।
ਬਾਦਲ ਨੇ ਅੰਤ ਵਿੱਚ ਕਿਹਾ ਕਿ ਇਹ ਲੜਾਈ ਪੰਜਾਬ ਦੀ ਆਪਣੀ ਪਾਰਟੀ (ਅਕਾਲੀ ਦਲ) ਅਤੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਵਿਚਕਾਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਨੁਹਾਰ ਬਦਲਣ ਲਈ ਅਕਾਲੀ ਦਲ ਨੂੰ ਇੱਕ ਮੌਕਾ ਦੇਣ।
ਉਹਨਾਂ ਕੇਂਦਰ ਵਿੱਚ ਮੌਜੂਦ ਸਰਕਾਰਾਂ ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਅੱਜ ਤੱਕ ਕੋਈ ਰਾਜਧਾਨੀ ਨਹੀਂ ਦਿੱਤੀ ਗਈ। ਹਮੇਸ਼ਾ ਕੇਂਦਰ ਹੀ ਪੰਜਾਬ ਦੇ ਫੈਸਲੇ ਕਰਦਾ ਹੈ। ਸਾਡੀ ਸਰਕਾਰ ਆਉਣ ਤੇ ਪੰਜਾਬ ਦੀ ਰਾਜਧਾਨੀ ਅੱਡ ਬਣਾਈ ਜਾਵੇਗੀ ਅਤੇ ਫੈਸਲੇ ਪੰਜਾਬ ਵਿੱਚ ਹੀ ਲਏ ਜਾਣਗੇ।
ਇਸ ਮੌਕੇ ਉਹਨਾਂ ਕਿਹਾ ਕਿ ਫਰੀਦਕੋਟ ਨਾਲ ਉਹਨਾਂ ਦਾ ਗਹਿਰਾ ਰਿਸ਼ਤਾ ਹੈ ਫਰੀਦਕੋਟ ਵਾਸੀਆਂ ਦਾ ਪਿਆਰ ਸੀ ਜਿਨਾਂ ਨੇ ਮੈਨੂੰ ਪਹਿਲੀ ਵਾਰੀ ਐਮਪੀ ਜਿਤਾਇਆ ਤੇ ਮੈਂ ਫਰੀਦਕੋਟ ਵਾਸੀਆਂ ਦੇ ਹਰ ਦੁੱਖ ਦਰਦ ਵਿੱਚ ਹਮੇਸ਼ਾ ਸ਼ਾਮਿਲ ਹੁੰਦਾ ਰਿਹਾ ਤੇ ਰਹੂੰਗਾ। ਵੱਡੇ ਬਾਦਲ ਦੇ ਸਮੇਂ ਸੰਗਤ ਦਰਸ਼ਨ ਵਿੱਚ ਵੀ ਮੈਂ ਉਹਨਾਂ ਦੇ ਨਾਲ ਫਰੀਦਕੋਟ ਆਉਂਦਾ ਸੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਮੌਕੇ 'ਤੇ ਹੀ ਉਹਨਾਂ ਦਾ ਹੱਲ ਕਰ ਦਿੱਤਾ ਜਾਂਦਾ ਸੀ।
ਇਸ ਮੌਕੇ ਪਰਮਬੰਸ ਸਿੰਘ ਬੰਟੀ ਰੋਮਾਣਾ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ,ਸਤੀਸ਼ ਕੁਮਾਰ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਐਡਵੋਕੇਟ ਅਨੂਪ੍ਰਤਾਪ ਸਿੰਘ, ਸੂਬਾ ਸਿੰਘ ਬਾਦਲ, ਸ਼ੇਰ ਸਿੰਘ ਮੰਡ ਦਿਹਾਤੀ ਪ੍ਰਧਾਨ, ਜਤਿੰਦਰ ਸਿੰਘ ਸ਼ਨੀ ਮੌੜ, ਗੁਰਿੰਦਰ ਕੌਰ ਭੋਲੂਆਣ, ਅਮਰਜੀਤ ਕੌਰ ਤੋਂ ਇਲਾਵਾ ਪੰਚ ਸਰਪੰਚ ਤੇ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।