Faridkot News : ਭਿਆਨਕ ਸੜਕ ਹਾਦਸੇ ’ਚ ਨੂੰਹ-ਸਹੁਰੇ ਦੀ ਮੌਤ, ਤੇਜ਼ ਰਫ਼ਤਾਰ ਕਾਰ ਦੇ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ ’ਤੇ ਸ਼ਾਮ ਸਮੇਂ ਵਾਪਰੇ ਇਕ ਭਿਆਭਕ ਹਾਦਸੇ ’ਚ ਨੂੰਹ-ਸਹੁਰੇ ਦੀ ਦੁਖਦਾਇਕ ਮੌਤ ਹੋ ਗਈ।
Publish Date: Thu, 14 May 2026 07:41 PM (IST)
Updated Date: Thu, 14 May 2026 07:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ ’ਤੇ ਸ਼ਾਮ ਸਮੇਂ ਵਾਪਰੇ ਇਕ ਭਿਆਭਕ ਹਾਦਸੇ ’ਚ ਨੂੰਹ-ਸਹੁਰੇ ਦੀ ਦੁਖਦਾਇਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਪਿੰਡ ਸਿੱਖਾਂ ਵਾਲਾ ਦਾ ਵਸਨੀਕ ਗੁਰਜੰਟ ਸਿੰਘ (65) ਪੁੱਤਰ ਸਰਬਣ ਸਿੰਘ, ਆਪਣੀ ਨੂੰਹ ਨਵਦੀਪ ਕੌਰ (34) ਸਮੇਤ ਕੋਟਕਪੂਰਾ ਤੋਂ ਆਪਣੇ ਪਿੰਡ ਸਿੱਖਾਂ ਵਾਲਾ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ। ਜਿਉਂ ਹੀ ਉਹ ਸ਼ਾਹਰਾਹ ਉਪਰ ਚੜ੍ਹ ਕੇ ਆਪਣੇ ਸਿੱਖਾਂ ਵਾਲਾ ਨੂੰ ਜਾਣ ਲੱਗੇ ਤਾਂ ਬਠਿੰਡਾ ਵਾਲੇ ਪਾਸਿਓਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨਾਲ ਅਚਾਨਕ ਹਾਦਸਾ ਵਾਪਰ ਗਿਆ। ਇਸ ਕਾਰਨ ਨਵਜੋਤ ਕੌਰ ਦੇ ਬਹੁਤ ਜ਼ਿਆਦਾ ਸੱਟਾਂ ਵੱਜੀਆਂ। ਮੌਕੇ ’ਤੇ ਦੋਹਾਂ ਨੂੰ ਜ਼ਖ਼ਮੀ ਹਾਲਤ ’ਚ ਉਚੇਰੇ ਇਲਾਜ਼ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਨਵਦੀਪ ਕੌਰ ਨੂੰ ਮਿ੍ਤਕ ਐਲਾਨ ਦਿੱਤਾ, ਜਦ ਕਿ ਇਲਾਜ ਦੌਰਾਨ ਕੁਝ ਘੰਟਿਆਂ ਪਿੱਛੋਂ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਗੁਰਜੰਟ ਸਿੰਘ ਦੀ ਵੀ ਮੌਤ ਹੋ ਗਈ। ਅਚਾਨਕ ਹੋਈ ਮੌਤ ਕਾਰਨ ਪਿੰਡ ’ਚ ਸੋਗ ਦਾ ਮਾਹੌਲ ਹੈ।
ਮ੍ਰਿਤਕਾ ਨਵਦੀਪ ਕੌਰ ਇਕ ਤਿੰਨ ਸਾਲਾਂ ਦੇ ਮਾਸੂਮ ਬੱਚੇ ਦੀ ਮਾਂ ਸੀ ਅਤੇ ਇਕ ਨਿੱਜੀ ਸੰਸਥਾ ’ਚ ਪੜ੍ਹਾਉਂਦੀ ਸੀ, ਜਦ ਕਿ ਉਸ ਦਾ ਸਹੁਰਾ ਖੇਤੀਬਾੜੀ ਕਰਦਾ ਸੀ। ਇਸ ਸਬੰਧ ’ਚ ਮਿ੍ਤਕ ਗੁਰਜੰਟ ਸਿੰਘ ਦੇ ਪੁੱਤਰ ਖੁਸ਼ਵਿੰਦਰ ਸਿੰਘ ਦੇ ਬਿਆਨ ਆਧਾਰ ’ਤੇ ਸ਼ਹਿਰੀ ਪੁਲਿਸ ਕੋਟਕਪੂਰਾ ਨੇ ਕਾਰ ਦੇ ਡਰਾਈਵਰ ਬਲਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਲੋਟ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।