ਅਪਰਾਧ ਨੂੰ ਠੱਲ੍ਹ ਪਾਉਣ ਲਈ ਪੁਲਿਸ ਨੇ ਵਧਾਈ ਚੌਕਸੀ
ਡੀ.ਆਈ.ਜੀ ਕ੍ਰਾਈਮ ਤੇ ਐਸ.ਐਸ.ਪੀ ਫਰੀਦਕੋਟ ਵੱਲੋਂ ਜ਼ਿਲ੍ਹੇ ਅੰਦਰ ਲਗਾਏ ਜਾ ਰਹੇ ਸਪੈਸ਼ਲ ਨਾਕਾ ਪੁਆਇੰਟਾ ਦਾ ਲਿਆ ਜਾਇਜਾ
Publish Date: Fri, 06 Mar 2026 06:20 PM (IST)
Updated Date: Sat, 07 Mar 2026 04:09 AM (IST)

ਡੀਆਈਜੀ ਤੇ ਐੱਸਐੱਸਪੀ ਨੇ ਸਪੈਸ਼ਲ ਨਾਕਿਆਂ ਦਾ ਲਿਆ ਜਾਇਜ਼ਾ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸੇ ਦਾ ਜਾਇਜ਼ਾ ਲੈਣ ਲਈ ਨਵੀਨ ਸੈਣੀ ਆਈ.ਪੀ.ਐਸ ਡੀ.ਆਈ.ਜੀ ਕ੍ਰਾਈਮ ਅਤੇ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਨਾਕਿਆਂ ਅਤੇ ਪੈਟਰੋਲਿੰਗ ਪਾਰਟੀਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਜਿਸ ਦੌਰਾਨ ਉਹਨਾਂ ਡਿਊਟੀ ‘ਤੇ ਹਾਜਰ ਪੁਲਿਸ ਕਰਮਚਾਰੀਆਂ ਨੂੰ ਜਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਇਸ ਮੌਕੇ ਨਵੀਨ ਸੈਣੀ ਆਈ.ਪੀ.ਐਸ ਡੀ.ਆਈ.ਜੀ ਕ੍ਰਾਈਮ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਪ੍ਰਕਾਰ ਦੀਆਂ ਅਪਰਾਧਿਕ ਗਤੀਵਿਧੀਆਂ ਉੱਪਰ ਮੁਕੰਮਲ ਰੋਕ ਪੁਲਿਸ ਪ੍ਰਸ਼ਾਸਨ ਦੀ ਪਹਿਲੀ ਪ੍ਰਾਥਮਿਕਤਾ ਹੈ। ਇਸੇ ਦੀ ਕੜੀ ਵਿੱਚ ਹੀ ਜ਼ਿਲ੍ਹੇ ਅੰਦਰ ਮਜ਼ਬੂਤ ਸਿਸਟਮੈਟਿਕ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਹੋਰ ਭੀੜ-ਭਾੜ ਵਾਲੇ ਸਥਾਨਾਂ ਅਤੇ ਪਾਰਕਿੰਗ ਆਦਿ ਜਗ੍ਹਿਆਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਚੈਕਿੰਗਾਂ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਕਰਾਈਮ ਕੰਟਰੋਲ ਨੂੰ ਮਜ਼ਬੂਤ ਕਰਨਾ, ਗੈਰ-ਕਾਨੂੰਨੀ ਸਰਗਰਮੀਆਂ ਨੂੰ ਰੋਕਣਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ ਅਤੇ ਇਹ ਵਾਹਨ ਜਾਂਚ ਮੁਹਿੰਮਾਂ ਜਾਰੀ ਰਹਿਣਗੀਆਂ ਤਾਂ ਜੋ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਨਿਰੀਖਣ ਦੌਰਾਨ, ਉਹਨਾ ਵੱਲੋਂ ਸਮੂਹ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਨਾਕਿਆਂ ‘ਤੇ ਸਖ਼ਤੀ ਨਾਲ ਤਾਇਨਾਤੀ ਹੋਵੇ ਅਤੇ ਹਰ ਆਉਣ-ਜਾਣ ਵਾਲੇ ਵਾਹਨ ਦੀ ਜਾਂਚ ਵਧੇਰੇ ਧਿਆਨ ਨਾਲ ਕੀਤੀ ਜਾਵੇ। ਇਸ ਮੌਕੇ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖਤਾ ਕਰਨ ਲਈ ਜ਼ਿਲ੍ਹੇ ਅੰਦਰ ਡੀ.ਐਸ.ਪੀ ਰੈਂਕ ਦੇ ਅਧਿਕਾਰੀਆ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ/ਚੌਕੀ ਇੰਚਾਰਜਾਂ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਜਿਲ੍ਹੇ ਦੀਆ ਮਹੱਤਵਪੂਰਨ ਜਗ੍ਹਾਵਾ ਪਰ ਮਜ਼ਬੂਤ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਅਤੇ ਜਿਨ੍ਹਾਂ ਦੀ ਸੁਪਰਵੀਜਨ ਐਸ.ਪੀ ਰੈਂਕ ਦੇ ਅਧਿਕਾਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਫਰੀਦਕੋਟ ਪੁਲਿਸ ਵੱਲੋਂ ਸਨੈਚਿੰਗ ਵਰਗੇ ਸਟ੍ਰੀਟ ਕਰਾਈਮ ਹੋਣ ਵਾਲੇ “ਹਾਟਸਪਾਟਸ” ਦੀ ਪਛਾਣ ਕੀਤੀ ਜਾ ਰਹੀ ਹੈ, ਤਾਂ ਜੋ ਇਨ੍ਹਾਂ ਜਗ੍ਹਿਆਂ ‘ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਇਸ ਨਾਲ ਨਾ ਸਿਰਫ ਗੈਰ-ਕਾਨੂੰਨੀ ਸਰਗਰਮੀਆਂ ‘ਤੇ ਰੋਕ ਲੱਗੇਗੀ ਬਲਕਿ ਅਪਰਾਧਿਕ ਅਨਸਰਾਂ ਨੂੰ ਵੀ ਕਾਬੂ ਕਰਨ ਵਿੱਚ ਮਦਦ ਮਿਲੇਗੀ।