ਵੱਖ-ਵੱਖ ਪਾਰਟੀਆਂ ਦੇ ਪਰਿਵਾਰ ਵੱਡੀ ਗਿਣਤੀ ’ਚ ਭਾਜਪਾ ’ਚ ਸ਼ਾਮਲ
ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ
Publish Date: Tue, 28 Apr 2026 05:57 PM (IST)
Updated Date: Wed, 29 Apr 2026 04:08 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ ਭਾਜਪਾ ਪ੍ਰਤੀ ਵਧਦਾ ਲੋਕਾਂ ਦਾ ਰੁਝਾਨ ਹੁਣ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਮੰਗਲਵਾਰ ਨੂੰ ਦੁੱਨੇਕੇ ਸਥਿਤ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਵਿਚ ਕਰਵਾਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਕਈ ਪਰਿਵਾਰਾਂ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਇਨ੍ਹਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਕਈ ਪਰਿਵਾਰ ਵੀ ਸ਼ਾਮਲ ਰਹੇ, ਜਿਸ ਨਾਲ ਮੋਗਾ ਵਿਚ ਭਾਜਪਾ ਦੀ ਵਧ ਰਹੀ ਪਕੜ ਸਪਸ਼ਟ ਤੌਰ ਤੇ ਦਰਸਾਈ ਦੇ ਰਹੀ ਹੈ। ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਜਸਵੀਰ ਕੌਰ, ਹਰਪ੍ਰੀਤ ਕੌਰ, ਬਬੀਤਾ, ਪਰਮਜੀਤ ਕੌਰ, ਸੁਖਵਿੰਦਰ ਕੌਰ, ਸੁਮਨ, ਮਨਪ੍ਰੀਤ ਗਗੜਾ, ਗੁਰਨਾਮ ਸਿੰਘ, ਮੱਖਣ ਸਿੰਘ, ਦਰਸ਼ਨ ਸਿੰਘ, ਲਵਪ੍ਰੀਤ ਅਤੇ ਪ੍ਰਤੀਕ ਵਧਵਾ ਆਦਿ ਦੇ ਨਾਮ ਸ਼ਾਮਲ ਹਨ। ਇਸ ਮੌਕੇ ਗੱਲਬਾਤ ਕਰਦਿਆਂ ਨਵੇਂ ਮੈਂਬਰਾਂ ਨੇ ਕਿਹਾ ਕਿ ਭਾਜਪਾ ਦੀ ਸਪਸ਼ਟ ਵਿਚਾਰਧਾਰਾ, ਪਾਰਦਰਸ਼ੀ ਨੀਤੀਆਂ ਅਤੇ ਹਰ ਵਰਗ ਦੇ ਵਰਕਰਾਂ ਨੂੰ ਇਕਸਾਰ ਮੌਕੇ ਦੇਣ ਦੀ ਪ੍ਰਣਾਲੀ ਨੇ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਜਪਾ ਸਿਰਫ਼ ਇਕ ਰਾਜਨੀਤਿਕ ਮੰਚ ਨਹੀਂ, ਸਗੋਂ ਇਕ ਐਸੀ ਸੋਚ ਹੈ ਜੋ ਦੇਸ਼ ਹਿੱਤ, ਸੁਸ਼ਾਸਨ ਅਤੇ ਵਿਕਾਸ ਨੂੰ ਪਹਿਲ ਦਿੰਦੀ ਹੈ। ਪਾਰਟੀ ਵਿਚ ਹਰ ਵਰਕਰ ਨੂੰ ਅੱਗੇ ਵੱਧਣ ਦਾ ਮੌਕਾ ਮਿਲਦਾ ਹੈ ਅਤੇ ਉਸ ਨੂੰ ਠੀਕ ਦਿਸ਼ਾ ਵਿਚ ਕੰਮ ਕਰਨ ਲਈ ਮੌਕਾ ਵੀ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਆਪਣੇ ਇਲਾਕੇ ਅਤੇ ਸਮਾਜ ਲਈ ਪ੍ਰਭਾਵਸ਼ਾਲੀ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ, ਜ਼ਿਲ੍ਹਾ ਉਪ ਪ੍ਰਧਾਨ ਨਿਰਮਲ ਸਿੰਘ ਮੀਨੀਆ, ਜ਼ਿਲ੍ਹਾ ਮਹਾਮੰਤਰੀ ਰਾਜਪਾਲ ਠਾਕੁਰ, ਸਰਕਲ ਪ੍ਰਧਾਨ ਉਮਾਕਾਂਤ ਸਿੰਘ, ਅਮਿਤ ਗੁਪਤਾ, ਭੂਪਿੰਦਰ ਹੈਪੀ, ਪਾਰਸ਼ਦ ਕੁਲਵਿੰਦਰ ਕੌਰ, ਅਰਜੁਨ ਕੁਮਾਰ ਅਤੇ ਅਮਨਦੀਪ ਕੌਰ ਲੰਡੇਕੇ ਆਦਿ ਵੀ ਮੌਜੂਦ ਰਹੇ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਨਵੇਂ ਮੈਂਬਰਾਂ ਦਾ ਦਿਲੋਂ ਸਵਾਗਤ ਕੀਤਾ ਤੇ ਉਨ੍ਹਾਂ ਇਹ ਵੀ ਕਿਹਾ ਕਿ ਲੋਕ ਹੁਣ ਵਿਕਾਸ, ਪਾਰਦਰਸ਼ਤਾ ਅਤੇ ਜਵਾਬਦੇਹੀ ਵਾਲੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ। ਅਖ਼ੀਰ ਵਿਚ ਸਾਰੇ ਨਵੇਂ ਮੈਂਬਰਾਂ ਨੇ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਆਪਣਾ ਭਰੋਸਾ ਜਾਹਰ ਕਰਦਿਆਂ ਮੋਗਾ ਦੇ ਸਮੂਹਿਕ ਵਿਕਾਸ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ।