ਪੰਜਾਬ ਸਰਕਾਰ ਦੇ ਪੰਜ ਸਾਲ ਬੀਤ ਜਾਣ ਤੇ ਵੀ ਵਾਅਦੇ ਨਾ ਹੋਏ ਵਫ਼ਾ
ਪੰਜਾਬ ਸਰਕਾਰ ਦੇ ਪੰਜ ਸਾਲ ਬੀਤ ਜਾਣ ਤੇ ਵੀ ਵਾਅਦੇ ਨਾ ਹੋਏ ਵਫ਼ਾ
Publish Date: Mon, 18 May 2026 04:16 PM (IST)
Updated Date: Mon, 18 May 2026 04:18 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਵਾਅਦੇ ਵਫ਼ਾ ਨਹੀਂ ਹੋਏ ਤੇ ਨਗਰ ਕੌਂਸਲ ਚੋਣਾਂ ਵੀ ਮੁੜ ਸਿਰ ਤੇ ਹਨ ਪਰ ਸ਼ਹਿਰ ਦੇ ਵਾਰਡ ਨੰਬਰ 23 ਤੇ 25 ਨਿਵਾਸੀ ਅੱਜ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਦੋਵਾਂ ਵਾਰਡਾਂ ਵਿੱਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਤਾਲਾਬ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਸਥਾਨਕ ਲੋਕਾਂ, ਸਕੂਲੀ ਬੱਚਿਆਂ ਅਤੇ ਦੁਕਾਨਦਾਰਾਂ ਨੂੰ ਰੋਜ਼ਾਨਾ ਇਸ ਬਦਬੂਦਾਰ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਚੋਣਾਂ ਨੇੜੇ ਆਉਂਦੀਆਂ ਦੇਖ ਵਾਰਡ ਵਾਸੀਆਂ ਵਿੱਚ ਸਿਆਸੀ ਆਗੂਆਂ ਦੇ ਖੋਖਲੇ ਵਾਅਦਿਆਂ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਕੇਵਲ ਉਸੇ ਉਮੀਦਵਾਰ (MC) ਨੂੰ ਵੋਟ ਪਾਉਣਗੇ ਜੋ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਪੱਕਾ ਹੱਲ ਕਰੇਗਾ। ਵਾਰਡ-25 ’ਚ ਨੀਵੀਆਂ ਤਾਰਾਂ ਤੇ ਖਾਰੇ ਪਾਣੀ ਦੀ ਮਾਰ ਵਾਰਡ ਨੰਬਰ 25 ਦੇ ਨਿਵਾਸੀਆਂ ਸੁਖਦੇਵ ਸਿੰਘ, ਨਾਨਕ ਸਿੰਘ, ਬੂਟਾ ਸਿੰਘ, ਰਾਜ ਸਿੰਘ, ਦਰਸ਼ਨ ਸਿੰਘ, ਸੋਹਣ ਸਿੰਘ ਅਤੇ ਪਿਆਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵਾਰਡ ਖ਼ਤਰੇ ਦੇ ਸਾਏ ਹੇਠ ਹੈ। ਨੀਵੀਆਂ ਬਿਜਲੀ ਦੀਆਂ ਤਾਰਾਂ, ਗਲੀਆਂ ਵਿੱਚ ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਤੇ ਲੱਗੇ ਮੀਟਰ ਬਕਸੇ ਬਹੁਤ ਨੀਵੇਂ ਹਨ। ਮੀਂਹ ਦੇ ਦਿਨਾਂ ਵਿੱਚ ਅਤੇ ਗਲੀਆਂ ਵਿੱਚ ਖੇਡਦੇ ਬੱਚਿਆਂ ਲਈ ਹਰ ਵੇਲੇ ਕਰੰਟ ਲੱਗਣ ਦਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸਤੋਂ ਇਲਾਵਾ ਅਵਾਰਾ ਪਸ਼ੂ ਵੀ ਵੱਡਾ ਖ਼ਤਰਾ ਹਨ। ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਪੀਣ ਯੋਗ ਨਹੀਂ ਹੈ ਅਤੇ ਵਾਟਰ ਵਰਕਸ ਦੀ ਸਪਲਾਈ ਦਾ ਪਾਣੀ ਗਲੀਆਂ ਵਿੱਚ ਬਹੁਤ ਘੱਟ ਆਉਂਦਾ ਹੈ। ਗਲੀਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਨ ਕਾਰਨ ਬੱਚਿਆਂ ਨੂੰ ਸਕੂਲ ਜਾਣ ਵੇਲੇ ਇਸੇ ਨਰਕ ਵਿੱਚੋਂ ਲੰਘਣਾ ਪੈਂਦਾ ਹੈ। ਵਾਰਡ ਵਾਸੀਆਂ ਨੇ ਕਿਹਾ ਕਿ ਭਵਿੱਖ ਵਿੱਚ ਉਹ ਅਜਿਹਾ ਐਮਸੀ ਚਾਹੁੰਦੇ ਹਨ ਜੋ ਪਹਿਲ ਦੇ ਆਧਾਰ ਤੇ ਵਾਰਡ ਦੀ ਨੁਹਾਰ ਬਦਲੇ। ਵਾਰਡ-23 ’ਚ ਪਿਛਲੇ 5 ਸਾਲਾਂ ਤੋਂ ਨਰਕ ਵਰਗੇ ਹਾਲਾਤ ਵਾਰਡ ਨੰਬਰ 23 ਦੇ ਨਿਵਾਸੀਆਂ ਨਰੇਸ਼ ਕੁਮਾਰ, ਹਨੀ, ਬੋਬੀ, ਮਹਿੰਦਰ ਸਿੰਘ, ਸੀਤੋ ਦੇਵੀ, ਨਿਰਮਲਾ ਰਾਣੀ ਅਤੇ ਸੁਰੇਸ਼ ਕੁਮਾਰ ਨੇ ਪ੍ਰਸ਼ਾਸਨ ਵਿਰੁੱਧ ਭੜਾਸ ਕੱਢਦਿਆਂ ਦੱਸਿਆ ਕਿ ਵਾਰਡ ਦੀਆਂ ਕਈ ਗਲੀਆਂ ਲੰਬੇ ਸਮੇਂ ਤੋਂ ਟੁੱਟ ਚੁੱਕੀਆਂ ਹਨ ਅਤੇ ਕਈ ਅਜੇ ਤੱਕ ਕੱਚੀਆਂ ਹੀ ਹਨ। ਪਿਛਲੇ ਪੰਜ ਸਾਲਾਂ ਤੋਂ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਹੈ, ਜਿਸ ਕਾਰਨ ਘਰਾਂ ਦੇ ਅੰਦਰ ਤੱਕ ਭਿਆਨਕ ਬਦਬੂ ਫੈਲ ਚੁੱਕੀ ਹੈ ਅਤੇ ਬਿਮਾਰੀਆਂ ਲੱਗਣ ਦਾ ਡਰ ਹੈ। ਗੰਦੇ ਪਾਣੀ ਕਾਰਨ ਲੋਕਾਂ ਦਾ ਆਪਣੇ ਕੰਮਾਂ ਤੇ ਜਾਣਾ ਮੁਸ਼ਕਿਲ ਹੋ ਗਿਆ ਹੈ ਅਤੇ ਸਥਾਨਕ ਦੁਕਾਨਦਾਰਾਂ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਵਾਰਡ ਵਾਸੀਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਚੋਣਾਂ ਵੇਲੇ ਲੀਡਰ ਵਾਅਦੇ ਕਰਕੇ ਭੁੱਲ ਜਾਂਦੇ ਹਨ। ਹੁਣ ਉਹ ਵੋਟਾਂ ਦੇ ਸਿਆਸੀ ਵਾਅਦਿਆਂ ਵਿੱਚ ਨਹੀਂ ਆਉਣਗੇ ਅਤੇ ਕੇਵਲ ਕੰਮ ਕਰਨ ਵਾਲੇ ਉਮੀਦਵਾਰ ਨੂੰ ਹੀ ਚੁਣਨਗੇ।