ਮੁਕਤਸਰ 'ਚ ਈ-ਰਿਕਸ਼ਾ ਬਣੇ ਮੁਸੀਬਤ, 3000 ’ਚੋਂ ਸਿਰਫ਼ 5% ਰਜਿਸਟਰਡ, ਟ੍ਰੈਫਿਕ ਪੁਲਿਸ ਬੇਵੱਸ
ਮੁਕਤਸਰ 'ਚ ਈ-ਰਿਕਸ਼ਾ ਬਣੇ ਮੁਸੀਬਤ, 3000 ’ਚੋਂ ਸਿਰਫ਼ 5% ਰਜਿਸਟਰਡ, ਟ੍ਰੈਫਿਕ ਪੁਲਿਸ ਬੇਵੱਸ
Publish Date: Sun, 22 Mar 2026 06:19 PM (IST)
Updated Date: Sun, 22 Mar 2026 06:22 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਤੇਜ਼ੀ ਨਾਲ ਵਧ ਰਹੀ ਈ-ਰਿਕਸ਼ਿਆਂ ਦੀ ਗਿਣਤੀ ਹੁਣ ਆਮ ਲੋਕਾਂ ਅਤੇ ਟ੍ਰੈਫਿਕ ਪੁਲਿਸ ਲਈ ਵੱਡੀ ਸਿਰਦਰਦੀ ਬਣਦੀ ਜਾ ਰਹੀ ਹੈ। ਸ਼ਹਿਰ ਦੀਆਂ ਸੜਕਾਂ ਤੇ ਇਸ ਵੇਲੇ ਲਗਭਗ 3000 ਈ-ਰਿਕਸ਼ਾ ਚੱਲ ਰਹੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਸਿਰਫ਼ 5 ਪ੍ਰਤੀਸ਼ਤ ਹੀ ਪ੍ਰਸ਼ਾਸਨ ਕੋਲ ਰਜਿਸਟਰਡ ਹਨ। ਬਾਕੀ ਦੇ 95 ਫ਼ੀਸਦੀ ਰਿਕਸ਼ਾ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਦੇ ਸ਼ਰੇਆਮ ਸੜਕਾਂ ਤੇ ਦੌੜ ਰਹੇ ਹਨ। ਸ਼ਹਿਰ ਵਿੱਚ ਚੱਲ ਰਹੇ ਜ਼ਿਆਦਾਤਰ ਈ-ਰਿਕਸ਼ਾ ਚਾਲਕਾਂ ਕੋਲ ਨਾ ਤਾਂ ਡਰਾਈਵਿੰਗ ਲਾਇਸੈਂਸ ਹੈ ਅਤੇ ਨਾ ਹੀ ਵਾਹਨ ਦੇ ਮੁਕੰਮਲ ਕਾਗਜ਼ਾਤ। ਇਨ੍ਹਾਂ ਰਿਕਸ਼ਿਆਂ ਨੂੰ ਚਲਾਉਣ ਵਾਲਿਆਂ ਵਿੱਚ ਵੱਡੀ ਗਿਣਤੀ ਨਾਬਾਲਗ ਬੱਚਿਆਂ ਅਤੇ ਬਜ਼ੁਰਗਾਂ ਦੀ ਹੈ, ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਕਈ ਵਾਰ ਅਣਪਛਾਤੇ ਅਤੇ ਗੈਰ-ਸਿਖਿਅਤ ਚਾਲਕਾਂ ਕਾਰਨ ਰਿਕਸ਼ਾ ਪਲਟਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਈ-ਰਿਕਸ਼ਾ ਚਾਲਕਾਂ ਵੱਲੋਂ ਬਾਜ਼ਾਰਾਂ ਅਤੇ ਮੁੱਖ ਸੜਕਾਂ ਦੇ ਵਿਚਕਾਰ ਹੀ ਮਨਮਾਨੇ ਢੰਗ ਨਾਲ ਵਾਹਨ ਖੜ੍ਹੇ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਸ਼ਹਿਰ ਵਿੱਚ ਹਰ ਵੇਲੇ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਸਵਾਰੀਆਂ ਚੁੱਕਣ ਦੀ ਹੋੜ ਵਿੱਚ ਇਹ ਚਾਲਕ ਅਚਾਨਕ ਰਿਕਸ਼ਾ ਮੋੜ ਦਿੰਦੇ ਹਨ, ਜੋ ਕਿ ਦੂਜੇ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਿਤ ਹੁੰਦਾ ਹੈ। ਇਸਤੋਂ ਇਲਾਵਾ, ਕਈ ਚਾਲਕ ਈ-ਰਿਕਸ਼ਿਆਂ ਤੇ ਸਮਰੱਥਾ ਤੋਂ ਵੱਧ ਭਾਰ ਲੱਦ ਕੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਪ੍ਰਸ਼ਾਸਨ ਤੇ ਪੁਲਿਸ ਦੀ ਢਿੱਲੀ ਕਾਰਵਾਈ ਹਾਲਾਂਕਿ ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ ਤੇ ਚਾਲਕਾਂ ਨੂੰ ਦਸਤਾਵੇਜ਼ ਪੂਰੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਜ਼ਮੀਨੀ ਪੱਧਰ ਤੇ ਕੋਈ ਸਖ਼ਤ ਕਾਰਵਾਈ ਨਾ ਹੋਣ ਕਾਰਨ ਗੈਰ-ਕਾਨੂੰਨੀ ਈ-ਰਿਕਸ਼ਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪੁਲਿਸ ਦੀ ਇਸ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ ਦੀ ਆਵਾਜਾਈ ਵਿਵਸਥਾ ਪੂਰੀ ਤਰ੍ਹਾਂ ਹਫੜਾ-ਦਫੜੀ ਦਾ ਸ਼ਿਕਾਰ ਹੋ ਚੁੱਕੀ ਹੈ। ਸ਼ਹਿਰ ਦੀਆਂ ਵੱਖ-ਵੱਖ ਸਖਸ਼ੀਅਤਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਈ-ਰਿਕਸ਼ਾ ਚਾਲਕਾਂ ਨੂੰ ਈ-ਰਿਕਸ਼ਾ ਦੀ ਡਰਾਈਵਿੰਗ ਸਿਖਲਾਈ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਲਾਜ਼ਮੀ ਅਤੇ ਮੁਕੰਮਲ ਕਾਗਜ਼ਾਤ ਰੱਖਣ ਲਈ ਕਾਰਵਾਈ ਅਮਲ ’ਚ ਲਿਆਂਦੀ ਜਾਵੇ।