ਪੰਜਾਬ ਸਟੇਟ ਕੌਂਸਲ ਫਾਰ ਸਾਇੰਸ

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ ਚੜਿੱਕ : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੌਜੀ ਵੱਲੋਂ ਚਲਾਏ ਜਾ ਰਹੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਸਕੰਡਰੀ ਸਿੱਖਿਆ ਅਸ਼ੀਸ਼ ਕੁਮਾਰ ਸ਼ਰਮਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਸਿੱਖਿਆ ਗੁਰਦਿਆਲ ਸਿੰਘ ਮਠਾੜੂ, ਪ੍ਰਿੰਸੀਪਲ ਦੀਪਕ ਕਾਲੀਆ ਅਤੇ ਜ਼ਿਲ੍ਹਾ ਵਾਤਾਵਰਣ ਸਿੱਖਿਆ ਪ੍ਰੋਗਰਾਮ ਕੁਆਰਡੀਨੇਟਰ ਡਾ. ਦੀਪਕ ਸ਼ਰਮਾ ਦੀ ਰਹਿਨੁਮਾਈ ਹੇਠ ਸ਼ਹੀਦ ਸਿਪਾਹੀ ਲਖਵੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਦੇ ਇੰਚਾਰਜ ਪ੍ਰਿੰਸੀਪਲ ਗੁਰਜੀਤ ਕੌਰ ਅਤੇ ਈਕੋ ਕਲੱਬ ਇੰਚਾਰਜ ਪਲਕ ਗੁਪਤਾ ਦੀ ਅਗਵਾਈ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਅਸ਼ੀਸ਼ ਸ਼ਰਮਾ, ਜ਼ਿਲ੍ਹਾ ਵਾਤਾਵਰਣ ਸਿੱਖਿਆ ਪ੍ਰੋਗਰਾਮ ਕੋਆਰਡੀਨੇਟਰ ਡਾ. ਦੀਪਕ ਸ਼ਰਮਾ ਅਤੇ ਸਕੂਲ ਡੀਡੀਓ ਦੀਪਕ ਕਾਲੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਥੀਮ ਅਧੀਨ ਕਿਚਨ ਗਾਰਡਨ ਦੇ ਉਦਘਾਟਨ ਨਾਲ ਹੋਈ। ਇਸ ਤੋਂ ਬਾਅਦ ਬੈਸਟ ਆਊਟ ਆਫ਼ ਵੇਸਟ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਈ-ਵੇਸਟ ਘਟਾਓ ਅਤੇ ਸਿੰਗਲ ਯੂਜ਼ ਪਲਾਸਟਿਕ ਨੂੰ ਨਾ ਕਹੋ ਸੰਬੰਧੀ ਵਿਦਿਆਰਥਣਾਂ ਦੀਆਂ ਰਚਨਾਵਾਂ ਨੇ ਸਭ ਦਾ ਧਿਆਨ ਖਿੱਚਿਆ। ਈ-ਵੇਸਟ ਸੈਕਸ਼ਨ ਵਿਚ ਪੁਰਾਣੀਆਂ ਤਾਰਾਂ ਨਾਲ ਵਿਗਿਆਨਿਕ ਦੀ ਤਸਵੀਰ, ਵੇਸਟ ਸੀਡੀਜ਼ ਅਤੇ ਕੀਬੋਰਡ ਕੀਜ਼ ਨਾਲ ਡੈਕੋਰੇਟਿਵ ਆਈਟਮ ਤਿਆਰ ਕੀਤੀਆਂ ਗਈਆਂ। ਵਿਦਿਆਰਥਣਾਂ ਨੇ ਵੇਸਟ ਕੀਬੋਰਡ ਕੀਜ਼ ਨਾਲ ਬਣੇ ਫ੍ਰਿਜ ਮੈਗਨੇਟ ਅਤੇ ਕੀ-ਰਿੰਗ ਮਹਿਮਾਨਾਂ ਨੂੰ ਭੇਟ ਕੀਤੇ। ਪੁਰਾਣੇ ਕੱਪੜਿਆਂ ਨਾਲ ਥੈਲੇ, ਡੋਰਮੈਟ ਅਤੇ ਆਰਗਨਾਈਜ਼ਰ ਵੀ ਤਿਆਰ ਕੀਤੇ ਗਏ। ਵੇਸਟ ਮਟੀਰੀਅਲ ਨਾਲ ਸੋਕਰ ਗੇਮ, ਬਾਸਕੇਟਬਾਲ ਗੇਮ ਅਤੇ ਹੋਰ ਆਕਰਸ਼ਕ ਗੇਮਾਂ ਤਿਆਰ ਕੀਤੀਆਂ ਗਈਆਂ। ਪੁਰਾਣੇ ਪੇਪਰ ਕਪਾਂ ਨਾਲ ਮਿਊਜ਼ਿਕਲ ਪਾਰਕ ਬਣਾਇਆ ਗਿਆ, ਜਿਸ ਵਿਚ ਵੇਸਟ ਈਐੱਲਡੀ ਬੱਲਬ ਅਤੇ ਚੂੜੀਆਂ ਦੀ ਵਰਤੋਂ ਕੀਤੀ ਗਈ। ਵੇਸਟ ਅਖ਼ਬਾਰਾਂ ਨਾਲ ਸੁੰਦਰ ਫ੍ਰੇਮ ਅਤੇ ਬਾਸਕਟ ਵੀ ਤਿਆਰ ਕੀਤੇ ਗਏ। ਵਿਦਿਆਰਥਣਾਂ ਵੱਲੋਂ ਵਾਤਾਵਰਣ ਨਾਲ ਸਬੰਧਤ ਵੱਖ-ਵੱਖ ਥੀਮਾਂ ’ਤੇ ਪੋਸਟਰ ਵੀ ਪੇਸ਼ ਕੀਤੇ ਗਏ। ਵਿਦਿਆਰਥਣਾਂ ਨੇ ਮਹਿਮਾਨਾਂ ਦਾ ਸਵਾਗਤ ਵੇਸਟ ਪੇਪਰ ਨਾਲ ਬਣੇ ਸੀਡ ਪੇਪਰ ਕਾਰਡਾਂ ਨਾਲ ਕੀਤਾ। ਮਹਿਮਾਨਾਂ ਵੱਲੋਂ ਵਿਦਿਆਰਥਣਾਂ ਦੀ ਰਚਨਾਤਮਕਤਾ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਪ੍ਰੋਗਰਾਮ ਦੇ ਮੁੱਖ ਆਯੋਜਕ ਈਕੋ ਕਲੱਬ ਇੰਚਾਰਜ ਪਲਕ ਗੁਪਤਾ, ਹਰਪ੍ਰੀਤ ਕੌਰ ਅਤੇ ਮਾਲਤੀ ਸ਼ਰਮਾ ਰਹੇ। ਸਮਾਗਮ ਸਕੂਲ ਇੰਚਾਰਜ ਗੁਰਜੀਤ ਕੌਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਅੰਤ ਵਿਚ ਸਾਰੇ ਭਾਗੀਦਾਰਾਂ ਨੂੰ ਈਕੋ ਵਾਰੀਅਰ ਲਿਖੇ ਮੋਮੈਂਟੋ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਗੁਰਜੀਤ ਕੌਰ ਅਤੇ ਸਮੂਹ ਸਟਾਫ਼ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਵਿਦਿਆਰਥਣਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਵਿਦਿਆਰਥਣਾਂ ਅਤੇ ਸਮੂਹ ਸਟਾਫ਼ ਦੇ ਸਾਂਝੇ ਯਤਨਾਂ ਨਾਲ ਇਹ ਪ੍ਰੋਗਰਾਮ ਬਹੁਤ ਹੀ ਸਫ਼ਲਤਾਪੂਰਵਕ ਸੰਪੰਨ ਹੋਇਆ।