ਆਦਰਸ਼ ਸਕੂਲ ਕੋਟਭਾਈ ਨੇ ਲਗਵਾਇਆ ਵਿੱਦਿਅਕ ਟੂਰ
ਆਦਰਸ਼ ਸਕੂਲ ਕੋਟਭਾਈ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ
Publish Date: Fri, 08 May 2026 05:31 PM (IST)
Updated Date: Fri, 08 May 2026 05:32 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਸਕੂਲ ਸਿੱਖਿਆ ਬੋਰਡ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵੱਲੋਂ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਦੀ ਯੋਗ ਅਗਵਾਈ ਹੇਠ ਅਲਟਰਾ ਟੈਕ ਸੀਮੈਂਟ ਪਲਾਂਟ ਲਹਿਰਾ ਮੁਹੱਬਤ, ਬਠਿੰਡਾ ਵਿਖੇ ਵਿਦਿਅਕ ਉਦਯੋਗਿਕ ਦੌਰੇ ਵਿੱਚ ਜਮਾਤ ਨੌਵੀਂ ਤੋਂ ਬਾਰਹਵੀਂ ਤੱਕ ਦੇ 35 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨਾਲ ਲੈਕਚਰਾਰ ਕਮਲਪ੍ਰੀਤ ਅਤੇ ਲੈਕਚਰਾਰ ਸੋਨੀਆ ਰਾਣੀ ਵੀ ਮੌਜੂਦ ਸਨ। ਇਸ ਮੌਕੇ ਬੀ ਆਈ ਐਸ ਰੀਸੋਰਸ ਪਰਸਨ ਨਰਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੰਦੇ ਹੋਏ ਵਿਦਿਆਰਥੀਆਂ ਦੀ ਆਉਣ-ਜਾਣ ਲਈ ਟਰਾਂਸਪੋਰਟ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਪਲਾਂਟ ਵਿੱਚ ਉਤਪਾਦਨ ਅਤੇ ਗੁਣਵੱਤਾ ਵਿਭਾਗ ਦੇ ਮੁਖੀ ਧੀਰੇਂਦਰ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਦਿਅਕ ਉਦਯੋਗਿਕ ਦੌਰੇ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਗਿਆਨ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਉਦਯੋਗਿਕ ਕਾਰਜ ਪ੍ਰਣਾਲੀ ਨੂੰ ਨੇੜੇ ਤੋਂ ਸਮਝਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਮਿਆਰਾਂ ਅਤੇ ਗੁਣਵੱਤਾ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਭਵਿੱਖ ਵਿੱਚ ਜ਼ਿੰਮੇਵਾਰ ਅਤੇ ਜਾਗਰੂਕ ਨਾਗਰਿਕ ਬਣ ਸਕਣ। ਸਕੂਲ ਪ੍ਰਬੰਧਕਾਂ ਨੇ ਬੀ ਆਈ ਐਸ ਅਧਿਕਾਰੀਆਂ, ਪਲਾਂਟ ਪ੍ਰਬੰਧਨ ਅਤੇ ਅਧਿਆਪਕਾਂ ਦੇ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ। ਇਹ ਵਿਦਿਅਕ ਉਦਯੋਗਿਕ ਦੌਰਾ ਸਾਰੇ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ।