ਧਰਤੀ ਲਈ ਇਕ ਕਦਮ-ਭਵਿੱਖ ਲਈ ਵੱਡਾ ਬਦਲਾਅ : ਦੇਸ਼ ਭਗਤ ਗਲੋਬਲ ਸਕੂਲ
“ਧਰਤੀ ਲਈ ਇਕ ਕਦਮ – ਭਵਿੱਖ ਲਈ ਵੱਡਾ ਬਦਲਾਅ” : ਦੇਸ਼ ਭਗਤ ਗਲੋਬਲ ਸਕੂਲ
Publish Date: Sat, 25 Apr 2026 04:59 PM (IST)
Updated Date: Sat, 25 Apr 2026 05:01 PM (IST)

-ਹਰਿਆਲੀ ਵਧਾਓ, ਧਰਤੀ ਨੂੰ ਬਚਾਓ : ਪ੍ਰਿੰ. ਡਾ. ਜਿੰਦਲ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦੇਸ਼ ਭਗਤ ਕੈਂਪਸ, ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤੇਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਪ੍ਰਿੰਸੀਪਲ ਡਾ. ਸੰਜੀਵ ਜਿੰਦਲ ਅਤੇ ਵਾਈਸ ਪ੍ਰਿੰਸੀਪਲ ਡਾ. ਪਰਮਪ੍ਰੀਤ ਕੌਰ ਦੀ ਦੇਖ-ਰੇਖ ਹੇਠ ਦੇਸ਼ ਭਗਤ ਗਲੋਬਲ ਸਕੂਲ ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵੱਲੋਂ ਧਰਤੀ ਦਿਵਸ ਬੜੇ ਹੀ ਜੋਸ਼ ਅਤੇ ਸਮਰਪਣ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਰੁਚਿਕਰ ਅਤੇ ਸਿੱਖਿਆਤਮਕ ਸਰਗਰਮੀਆਂ ਕਰਵਾਈਆਂ ਗਈਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਸੰਜੀਵ ਜਿੰਦਲ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਅਸੈਂਬਲੀ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਧਰਤੀ ਦਿਵਸ ਦੀ ਮਹੱਤਤਾ ਅਤੇ ਵਾਤਾਵਰਣ ਸੰਭਾਲ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਦੌਰਾਨ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੇ ਮਿਲ ਕੇ ਵਾਤਾਵਰਣ ਦੀ ਰੱਖਿਆ ਲਈ ਸਹੁੰ ਚੁੱਕੀ ਅਤੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦਾ ਵਚਨ ਦਿੱਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਧਰਤੀ ਦਿਵਸ ’ਤੇ ਆਧਾਰਿਤ ਇੱਕ ਪ੍ਰੇਰਨਾਦਾਇਕ ਨਾਟਕ (ਪਲੇ) ਵੀ ਪੇਸ਼ ਕੀਤਾ ਗਿਆ, ਜਿਸ ਰਾਹੀਂ ਲੋਕਾਂ ਨੂੰ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਲਾਸ ਪਹਿਲੀ ਤੋਂ 5ਵੀਂ ਤੱਕ ਦੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਰੰਗਾਂ ਦੇ ਜ਼ਰੀਏ ਧਰਤੀ ਪ੍ਰੇਮ ਅਤੇ ਸੁਰੱਖਿਆ ਦੇ ਸੁਨੇਹੇ ਬੜੇ ਹੀ ਸੁੰਦਰ ਢੰਗ ਨਾਲ ਦਰਸਾਏ।ਇਸਦੇ ਨਾਲ ਹੀ ਕਲਾਸ 6ਵੀਂ ਤੋਂ 10ਵੀਂ ਦੇ ਵਿਦਿਆਰਥੀਆਂ ਲਈ “ਬੇੈਸਟ ਆਉਟ ਆਫ ਵੇਸਟ” ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਬੇਕਾਰ ਸਮੱਗਰੀ ਤੋਂ ਨਵੀਂ ਅਤੇ ਲਾਭਦਾਇਕ ਚੀਜ਼ਾਂ ਤਿਆਰ ਕਰਕੇ ਆਪਣੀ ਰਚਨਾਤਮਕ ਯੋਗਤਾ ਦਾ ਪ੍ਰਦਰਸ਼ਨ ਕੀਤਾ। ਧਰਤੀ ਦਿਵਸ ਨੂੰ ਹੋਰ ਅਰਥਪੂਰਨ ਬਣਾਉਣ ਲਈ ਸਕੂਲ ਵੱਲੋਂ ਪਲਾਂਟੇਸ਼ਨ ਡਰਾਈਵ ਵੀ ਆਯੋਜਿਤ ਕੀਤੀ ਗਈ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਪੌਦੇ ਲਗਾਏ ਅਤੇ ਵਾਤਾਵਰਣ ਨੂੰ ਸੁਚੱਜਾ ਅਤੇ ਹਰਾ-ਭਰਾ ਬਣਾਉਣ ਦਾ ਸੰਦੇਸ਼ ਦਿੱਤਾ। ਪ੍ਰਿੰਸੀਪਲ ਡਾ. ਸੰਜੀਵ ਜਿੰਦਲ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧਰਤੀ ਸਾਡਾ ਘਰ ਹੈ ਅਤੇ ਇਸਦੀ ਸੰਭਾਲ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਵਾਈਸ ਪ੍ਰਿੰਸੀਪਲ ਡਾ. ਪਰਮਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਰੋਜ਼ਾਨਾ ਜੀਵਨ ਵਿੱਚ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਬਣਨ। ਦੇਸ਼ ਭਗਤ ਕੈਂਪਸ, ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤੇਜਿੰਦਰ ਕੌਰ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਜ਼ਿੰਮੇਵਾਰ ਨਾਗਰਿਕ ਬਣਨ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਹ ਸਮਾਗਮ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਅਤੇ ਯਾਦਗਾਰ ਸਾਬਤ ਹੋਇਆ, ਜਿਸ ਨੇ ਉਨ੍ਹਾਂ ਨੂੰ ਧਰਤੀ ਦੀ ਸੰਭਾਲ ਲਈ ਅੱਗੇ ਆਉਣ ਦਾ ਸੰਦੇਸ਼ ਦਿੱਤਾ।