ਐੱਲਡੀਆਰ ਕਾਨਵੈਂਟ ਸਕੂਲ ਵਿਖੇ ‘ਵਿਸ਼ਵ ਧਰਤੀ ਦਿਵਸ’ ਮਨਾਇਆ
ਐੱਲਡੀਆਰ ਕੌਨਵੈਂਟ ਸਕੂਲ ਵਿਖੇ ‘ਵਿਸ਼ਵ ਧਰਤੀ ਦਿਵਸ’ ਉਤਸ਼ਾਹ ਨਾਲ ਮਨਾਇਆ
Publish Date: Wed, 22 Apr 2026 07:16 PM (IST)
Updated Date: Wed, 22 Apr 2026 07:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ‘ਆਓ ਰੁੱਖ ਲਾਈਏ, ਧਰਤੀ ਨੂੰ ਹਰਾ-ਭਰਾ ਬਣਾਈਏ’ ਦੇ ਨਾਅਰੇ ਹੇਠ ਐੱਲਡੀਆਰ ਕੌਨਵੈਂਟ ਸਕੂਲ ’ਚ ‘ਵਿਸ਼ਵ ਧਰਤੀ ਦਿਵਸ’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। 22 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਇਸ ਦਿਹਾੜੇ ਦੇ ਸਬੰਧ ’ਚ ਸਕੂਲ ਵਿੱਚ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਵੱਲੋਂ ਧਰਤੀ ਦੀ ਮਹੱਤਤਾ ਅਤੇ ਇਸਦੀ ਸਾਂਭ-ਸੰਭਾਲ ਵਿਸ਼ੇ ’ਤੇ ਪ੍ਰਭਾਵਸ਼ਾਲੀ ਭਾਸ਼ਣ ਦਿੱਤੇ ਗਏ। ਬੱਚਿਆਂ ਨੇ ਕਵਿਤਾਵਾਂ ਅਤੇ ਭਾਸ਼ਣਾਂ ਰਾਹੀਂ ਰੁੱਖਾਂ ਦੀ ਘਟ ਰਹੀ ਗਿਣਤੀ ’ਤੇ ਚਿੰਤਾ ਪ੍ਰਗਟਾਈ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਪ੍ਰਣ ਲਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਅਜੇ ਅਰੋੜਾ ਅਤੇ ਪ੍ਰਿੰਸੀਪਲ ਗੁੰਜਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਸਾਡਾ ਸਾਂਝਾ ਘਰ ਹੈ ਅਤੇ ਇਸ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਵਧ ਰਹੀ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਰੁੱਖ ਲਗਾਉਣਾ ਹੀ ਇੱਕੋ-ਇੱਕ ਹੱਲ ਹੈ। ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਹਰ ਸਾਲ ਆਪਣੇ ਜਨਮ ਦਿਨ ਜਾਂ ਵਿਸ਼ੇਸ਼ ਮੌਕਿਆਂ ਤੇ ਇੱਕ ਪੌਦਾ ਜ਼ਰੂਰ ਲਗਾਉਣ। ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਕਰਨ ਅਤੇ ਪਲਾਸਟਿਕ ਦੀ ਵਰਤੋਂ ਘਟਾਉਣ ਬਾਰੇ ਵੀ ਜਾਗਰੂਕ ਕੀਤਾ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਧਰਤੀ ਨੂੰ ਹਰਾ-ਭਰਾ ਅਤੇ ਸਾਫ਼-ਸੁਥਰਾ ਬਣਾਉਣ ਦਾ ਅਹਿਦ ਲਿਆ।