ਸ੍ਰੀ ਮੁਕਤਸਰ ਸਾਹਿਬ ਪੁਲਿਸ “ਗੈਂਗਸਟਰਾਂ ਤੇ ਵਾਰ” ਮੁਹਿੰਮ ਅਧੀਨ 13 ਨਾਕੇ ਲਗਾ ਕੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਅਤੇ ਅਪਰਾਧਕ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਗੈਂਗਸਟਰਾਂ ਤੇ ਵਾਰ’ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਅੰਦਰ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਬਣਾਈ ਰੱਖਣ ਲਈ ਸਪੈਸ਼ਲ ਨਾਕਾਬੰਦੀ ਅਤੇ ਸਰਚ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦੀ ਅਗਵਾਈ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ (ਆਈਪੀਐਸ) ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੀਤੀ ਗਈ, ਜਿਸਦਾ ਮੁੱਖ ਉਦੇਸ਼ ਸ਼ਰਾਰਤੀ ਅਨਸਰਾਂ, ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਤੱਤਾਂ ’ਤੇ ਸਖ਼ਤ ਨਜ਼ਰ ਰੱਖਣਾ ਸੀ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਭਰ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੱਕ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਦੇ ਚਾਰੇ ਸਬ-ਡਿਵੀਜ਼ਨਾਂ ’ਚ ਕੁੱਲ 13 ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਗਹਿਰੀ ਚੈਕਿੰਗ ਕੀਤੀ ਗਈ। ਜ਼ਿਲ੍ਹੇ ਦੇ ਚਾਰੇ ਸਬ-ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਮਲੋਟ ਅਤੇ ਲੰਬੀ ’ਚ ਨਾਕਾਬੰਦੀ ਕੀਤੀ ਗਈ। ਜ਼ਿਲ੍ਹਾ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਅਚਾਨਕ, ਸਰਚ ਅਭਿਆਨ ਚਲਾਇਆ ਗਿਆ। ਕੁੱਲ 120 ਦੇ ਕਰੀਬ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਡਿਊਟੀ ‘ਤੇ ਤਾਇਨਾਤ ਰਹੇ। ਇਸ ਸਪੈਸ਼ਲ ਆਪਰੇਸ਼ਨ ਦੀ ਸੁਪਰਵਿਜ਼ਨ ਐਸਪੀ (ਡੀ) ਮਨਮੀਤ ਸਿੰਘ ਢਿੱਲੋਂ ਅਤੇ ਸਬੰਧਤ ਸਬ-ਡਿਵੀਜ਼ਨਾਂ ਦੇ ਡੀਐਸਪੀਜ਼ ਬਚਨ ਸਿੰਘ ਡੀਐਸਪੀ (ਸ੍ਰੀ ਮੁਕਤਸਰ ਸਾਹਿਬ), ਅਰਨ ਮੁੰਡਨ ਡੀਐਸਪੀ (ਗਿੱਦੜਬਾਹਾ), ਨਵੀਨ ਪਾਲ ਸਿੰਘ ਡੀਐਸਪੀ (ਮਲੋਟ) ਅਤੇ ਹਰਬੰਸ ਸਿੰਘ ਡੀਐਸਪੀ (ਲੰਬੀ) ਵੱਲੋਂ ਕੀਤੀ ਗਈ, ਤਾਂ ਜੋ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਹਰ ਪੱਧਰ ’ਤੇ ਪੂਰੀ ਸਖ਼ਤੀ ਬਣੀ ਰਹੇ। ਪੈਸ ਐਪ ਰਾਹੀਂ ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਵੇਰਿਫਿਕੇਸ਼ਨ ਕੀਤੀ ਗਈ। ਵਾਹਣ ਐਪ ਦੀ ਮਦਦ ਨਾਲ ਵਾਹਨਾਂ ਦੀ ਜਾਂਚ ਕੀਤੀ ਗਈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਾਹਨ ਚੋਰੀਸ਼ੁਦਾ ਜਾਂ ਕਿਸੇ ਅਪਰਾਧਕ ਗਤੀਵਿਧੀ ਵਿੱਚ ਸ਼ਾਮਲ ਨਾ ਹੋਵੇ। ਇਸ ਮੌਕੇ ਐਸਪੀ (ਡੀ) ਮਨਮੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਅੰਦਰ ਸਿਟੀ ਨੂੰ ਪੂਰਾ ਸੀਲ ਕਰਕੇ ਹਰ ਇੱਕ ਵੀਕਲ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਕਿਆਂ ਦੀ ਕੜੀ ਚੈਕਿੰਗ ਕੀਤੀ ਜਾ ਰਹੀ ਹੈ। ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਪੁਰਸ਼ਾਂ ਦੇ ਆਉਣ-ਜਾਣ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ, ਹਰ ਵਾਹਨ ਦੀ ਡੀਟੇਲ ਚੈੱਕ ਕਰਕੇ ਡਰਾਈਵਰਾਂ ਦੀ ਪਛਾਣ ਪੱਕੀ ਕੀਤੀ ਜਾ ਰਹੀ ਹੈ ਅਤੇ ਜਰੂਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਟੀਮਾਂ ਵੱਲੋਂ ਨਾਕਿਆਂ ‘ਤੇ ਆਧੁਨਿਕ ਉਪਕਰਣਾਂ ਦੀ ਵਰਤੋਂ ਕਰਦੇ ਹੋਏ ਸੰਦੇਹੀ ਸਮਾਨ ਦੀ ਤਲਾਸ਼ੀ ਲਈ ਜਾ ਰਹੀ ਹੈ। ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਦਿਨ-ਰਾਤ ਮੁਹਿੰਮ ਜਾਰੀ ਰੱਖੀ ਗਈ ਹੈ। ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਜ਼ਿਲ੍ਹੇ ਦੀ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਣ ਲਈ ਵਚਨਬੱਧ ਹੈ। ਇਹ ਵਿਸ਼ੇਸ਼ ਸਰਚ ਅਭਿਆਨ ਅਪਰਾਧਕ ਗਤੀਵਿਧੀਆਂ ’ਤੇ ਨਕੇਲ ਕੱਸਣ ਅਤੇ ਸ਼ਰਾਰਤੀ ਅਨਸਰਾਂ ਦੀ ਸਰਗਰਮੀ ’ਤੇ ਨਿਗਰਾਨੀ ਲਈ ਚਲਾਇਆ ਗਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜ਼ਿਲ੍ਹੇ ’ਚ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਕਿਸੇ ਵੀ ਤਰ੍ਹਾਂ ਦੀ ਅਪਰਾਧਕ ਸਰਗਰਮੀ ਲਈ ਕੋਈ ਥਾਂ ਨਹੀਂ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਿਰੰਤਰ ਜਾਰੀ ਰਹੇਗੀ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਕੇ ’ਚ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਕਾਨੂੰਨ ਦੀ ਪਾਲਣਾ ਕਰੋ ਅਤੇ ਸ਼ਾਂਤੀ ਬਣਾਈ ਰੱਖਣ ’ਚ ਪੁਲਿਸ ਦਾ ਸਹਿਯੋਗ ਕਰੋ। ਨਸ਼ਿਆਂ ਤੋਂ ਦੂਰ ਰਹੋ ਅਤੇ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਵਿੱਚ ਪੁਲਿਸ ਦਾ ਸਾਥ ਦਿਓ। ਜੇਕਰ ਕਿਸੇ ਕੋਲ ਨਸ਼ਾ ਤਸਕਰੀ ਜਾਂ ਅਪਰਾਧਕ ਗਤੀਵਿਧੀ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ 80549-42100 ਨੰਬਰ ‘ਤੇ ਫੋਨ ਜਾਂ ਵਟਸਐਪ ਕਰ ਸਕਦੇ ਹਨ। ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਅੰਤ ’ਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਵਿਸ਼ੇਸ਼ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ, ਤਾਂ ਜੋ ਜ਼ਿਲ੍ਹੇ ਨੂੰ ਅਪਰਾਧ ਮੁਕਤ ਅਤੇ ਸੁਰੱਖਿਅਤ ਬਣਾਇਆ ਜਾ ਸਕੇ।