ਆਦਰਸ਼ ਸਕੂਲ ਕੋਟਭਾਈ ’ਚ ਸੱਤ ਰੋਜ਼ਾ ਐਨਐੱਸਐੱਸ ਕੈਂਪ ਸਮਾਪਤ
ਆਦਰਸ਼ ਸੀ. ਸੈ. ਸਕੂਲ ਕੋਟਭਾਈ ’ਚ ਸੱਤ ਰੋਜ਼ਾ ਐਨਐੱਸਐੱਸ ਕੈਂਪ ਦਾ ਸਫਲ ਆਯੋਜਨ
Publish Date: Fri, 27 Mar 2026 05:55 PM (IST)
Updated Date: Fri, 27 Mar 2026 05:59 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ’ਚ ਸੱਤ ਰੋਜ਼ਾ ਐਨਐੱਸਐੱਸ ਕੈਂਪ ਦਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਮੁਕਤਸਰ ਸਾਹਿਬ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਸ਼ਾਨਦਾਰ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਵੱਲੋਂ ਕੀਤਾ ਗਿਆ। ਇਸ ਮੌਕੇ ਐਸਐਮਸੀ ਚੇਅਰਪਰਸਨ ਬਲਜੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਕੈਂਪ ਦੌਰਾਨ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਪ੍ਰਸਿੱਧ ਸਖਸ਼ੀਅਤਾਂ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਯੋਗਾ ਸੈਮੀਨਾਰ ਲਈ ਸ਼ਾਲੂ ਸ਼ਰਮਾ ਯੋਗਾ ਟ੍ਰੇਨਰ ਨੇ ਵਿਦਿਆਰਥੀਆਂ ਨੂੰ ਤੰਦਰੁਸਤ ਜੀਵਨ-ਸ਼ੈਲੀ ਅਤੇ ਯੋਗ ਦੇ ਲਾਭਾਂ ਬਾਰੇ ਜਾਣੂ ਕਰਵਾਇਆ। ਮਧੂ ਮਿੱਤਲ ਅਤੇ ਰੋਹਿਤ ਸ਼ਰਮਾ ਕੁਦਰਤੀ ਖੇਤੀ ਮਾਹਰ ਵੱਲੋਂ ਕੁਦਰਤੀ ਖੇਤੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮੀਨਾ ਅਰੋੜਾ ਲੈਕਚਰਾਰ ਬਾਇਓਲੋਜੀ ਨੇ ਘਰ ’ਚ ਖਾਦ ਤਿਆਰ ਕਰਨ ਦੀ ਵਿਧੀ ਬਾਰੇ ਪ੍ਰਯੋਗਾਤਮਕ ਢੰਗ ਨਾਲ ਸਮਝਾਇਆ। ਇਸਤੋਂ ਇਲਾਵਾ ਕਮਲਪ੍ਰੀਤ ਲੈਕਚਰਾਰ ਫਿਜਿਕਸ ਨੇ ਵਿਦਿਆਰਥੀਆਂ ਨਾਲ ਉੱਚ ਸਿੱਖਿਆ ਅਤੇ ਨੈਤਿਕ ਮੁੱਲਾਂ ਸਬੰਧੀ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ। ਕੈਂਪ ਦੌਰਾਨ ਵਿਦਿਆਰਥੀਆਂ ਨੇ ਸਕੂਲ ਅਤੇ ਆਸ-ਪਾਸ ਦੇ ਇਲਾਕੇ ਦੀ ਸਫਾਈ ਮੁਹਿੰਮ ’ਚ ਭਾਗ ਲਿਆ, ਮੈਡੀਟੇਸ਼ਨ ਸੈਸ਼ਨਾਂ ’ਚ ਸ਼ਾਮਿਲ ਹੋਏ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਸਲੋਗਨ ਲੇਖਣ ਮੁਕਾਬਲਿਆਂ ’ਚ ਉਤਸ਼ਾਹ ਨਾਲ ਭਾਗ ਲਿਆ। ਇਸ ਕੈਂਪ ਦੀ ਸਮੂਹ ਵਿਵਸਥਾ ਐਨਐੱਸਐੱਸ ਪ੍ਰੋਗਰਾਮ ਅਫਸਰ ਮਨਦੀਪ ਕੌਰ (ਲੈਕਚਰਾਰ ਪੰਜਾਬੀ) ਵੱਲੋਂ ਸੁਚਾਰੂ ਢੰਗ ਨਾਲ ਕੀਤੀ ਗਈ, ਜਿਸ ਲਈ ਉਨ੍ਹਾਂ ਦੀ ਭਰਪੂਰ ਸਰਾਹਨਾ ਕੀਤੀ ਗਈ। ਕੈਂਪ ਦੇ ਸਮਾਪਨ ਸਮਾਰੋਹ ਦੌਰਾਨ ਪਿੰਡ ਕੋਟਭਾਈ ਦੇ ਸਰਪੰਚ ਜਗਸੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਅਤੇ ਕੈਂਪ ’ਚ ਸ਼ਿਰਕਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਸਮਾਜ ਸੇਵਾ ਪ੍ਰਤੀ ਉਨ੍ਹਾਂ ਦੇ ਜਜ਼ਬੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਨੌਜਵਾਨਾਂ ’ਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਨੇ ਆਪਣੇ ਸੰਦੇਸ਼ ’ਚ ਕਿਹਾ ਕਿ “ਐਨਐੱਸਐੱਸ ਕੈਂਪ ਵਿਦਿਆਰਥੀਆਂ ਨੂੰ ਸਿਰਫ਼ ਸਿੱਖਿਆ ਹੀ ਨਹੀਂ, ਸਗੋਂ ਸਮਾਜ ਸੇਵਾ ਦੀ ਭਾਵਨਾ ਵੀ ਸਿਖਾਉਂਦੇ ਹਨ, ਜੋ ਉਨ੍ਹਾਂ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ।” ਪ੍ਰੋਗਰਾਮ ਅਫਸਰ ਮਨਦੀਪ ਕੌਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ “ਵਿਦਿਆਰਥੀਆਂ ਵੱਲੋਂ ਦਿਖਾਇਆ ਗਿਆ ਜੋਸ਼ ਅਤੇ ਅਨੁਸ਼ਾਸਨ ਕਾਬਿਲ-ਏ-ਤਾਰੀਫ਼ ਹੈ। ਇਸ ਤਰ੍ਹਾਂ ਦੇ ਕੈਂਪਾਂ ਰਾਹੀਂ ਵਿਦਿਆਰਥੀ ਆਪਣੀ ਸ਼ਖਸੀਅਤ ਦਾ ਵਿਕਾਸ ਕਰਦੇ ਹਨ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਨ ਅਤੇ ਐਨਐੱਸਐੱਸ ਕੈਂਪ ਵਰਗੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਗੁਣ ਵਿਕਾਸ ਲਈ ਬਹੁਤ ਹੀ ਲਾਭਦਾਇਕ ਸਾਬਤ ਹੁੰਦੀਆਂ ਹਨ। ਇਸ ਸਮਾਗਮ ਨੂੰ ਸਫਲਤਾਪੂਵਕ ਨੇਪਰੇ ਚਾੜਨ ਲਈ ਕੁਰਸ਼ੈਦ ਖ਼ਾ ਅਤੇ ਰਾਜਵੀਰ ਕੌਰ ਐਲਏ ਦਾ ਵਿਸ਼ੇਸ਼ ਸਹਿਯੋਗ ਰਿਹਾ।