ਮੁਲਾਜ਼ਮਾਂ ਨੂੰ ਇਸ ਵਾਰ ਵੀ ਤਨਖਾਹਾਂ ਨਸੀਬ ਨਹੀਂ ਹੋਈਆਂ
ਮੁਲਾਜ਼ਮਾਂ ਨੂੰ ਇਸ ਵਾਰ ਵੀ ਤਨਖਾਹਾਂ ਨਸੀਬ ਨਹੀਂ ਹੋਈਆਂ
Publish Date: Tue, 07 Apr 2026 03:26 PM (IST)
Updated Date: Tue, 07 Apr 2026 03:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਰਕਾਰ ਵੱਲੋਂ ਪਿਛਲੇ ਮਹੀਨੇ ਤਨਖਾਹਾਂ ਲੇਟ ਮਿਲੀਆਂ ਸਨ ਤਾਂ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਅਗਲੇ ਮਹੀਨੇ ਤੋਂ ਤਨਖਾਹ ਸਮੇਂ ਸਿਰ ਨਸੀਬ ਹੋ ਜਾਵੇਗੀ। ਪਰ ਸਰਕਾਰ ਵੱਲੋਂ 7 ਤਰੀਕ ਤੱਕ ਮੁਲਾਜ਼ਮਾਂ ਨੂੰ ਤਨਖਾਹਾਂ ਦੀ ਅਦਾਇਗੀ ਨਹੀਂ ਹੋਈ, ਜਦੋਂ ਕਿ ਇਕ ਤਰੀਕ ਤੱਕ ਤਨਖਾਹ ਮੁਲਾਜ਼ਮਾਂ ਨੂੰ ਮਿਲਣੀ ਚਾਹੀਦੀ ਸੀ। ਡੈਮੋਕਰੈਟਿਕ ਟੀਚਰਜ਼ ਫਰੰਟ ਬਲਾਕ ਮੁਕਤਸਰ 1 ਦੇ ਪ੍ਰਧਾਨ ਕੁਲਵਿੰਦਰ ਸਿੰਘ ਫੱਤਣਵਾਲਾ ਅਤੇ ਬਲਾਕ ਸਕੱਤਰ ਚਰਨਜੀਤ ਸਿੰਘ ਮੁਕਤਸਰ ਨੇ ਜਾਰੀ ਸਾਂਝੇ ਪ੍ਰੈਸ ਬਿਆਨ ’ਚ ਕਿਹਾ ਹੈ ਕਿ ਸਰਕਾਰ ਨੂੰ ਮਾਰਚ ਮਹੀਨੇ ਦੀ ਤਨਖਾਹ ਦਾ ਹਾਲੇ ਤੱਕ ਬਜ਼ਟ ਜਾਰੀ ਨਾ ਕਰਨਾ ਸਰਕਾਰ ਦੀ ਵੱਡੀ ਅਣਗਹਿਲੀ ਹੈ ਅਤੇ ਜਦੋਂ ਕਿ ਇਸਦਾ ਸਰਕਾਰ ਨੂੰ ਅਗਾਊਂ ਪ੍ਰਬੰਧ ਕਰਨਾ ਚਾਹੀਦਾ ਸੀ। ਇੱਕ ਪਾਸੇ ਤਾਂ ਸਰਕਾਰ ਵੱਲੋਂ ਬਜਟ ’ਚ ਮੁਫਤ ਸਕੀਮਾਂ ਜਿਹੇ ਲੋਕ ਲੁਭਾਵਣੇ ਵਾਅਦੇ ਕੀਤੇ ਜਾ ਰਹੇ ਹਨ, ਦੂਸਰੇ ਪਾਸੇ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਨ ’ਚ ਵੀ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਮੁਲਾਜ਼ਮਾਂ ਵੱਲੋਂ ਇਸ ਮਹੀਨੇ ’ਚ ਆਪਣੇ ਬੱਚਿਆਂ ਦੀਆਂ ਦਾਖਲਾ ਫੀਸਾਂ, ਕਿਤਾਬਾਂ ਅਤੇ ਹੋਰ ਖਰਚੇ ਕਰਨੇ ਹੁੰਦੇ ਹਨ ਨਾਲ ਹੀ ਲੇਟ ਤਨਖਾਹ ਆਉਣ ਕਰਕੇ ਲੋਨ ਦੀਆਂ ਕਿਸਤਾਂ ਦੇ ਵੀ ਭਾਰੀ ਜਰਮਾਨਾ ਭਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਤਨਖਾਹਾਂ ’ਚ ਸਰਕਾਰ ਦੁਆਰਾ ਪਹਿਲਾਂ ਹੀ ਕਾਫੀ ਕਟੌਤੀ ਕੀਤੀ ਗਈ ਹੈ। ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਤੇ ਕੇਂਦਰੀ ਸਕੇਲ਼ ਲਾਗੂ ਕੀਤਾ ਗਿਆ ਹੈ, ਜਿਸ ਨਾਲ ਪਹਿਲਾਂ ਹੀ ਨਵੇਂ ਮੁਲਾਜ਼ਮਾਂ ਨੂੰ ਵੱਡਾ ਵਿੱਤੀ ਘਾਟਾ ਪੈ ਰਿਹਾ ਹੈ। ਸਰਕਾਰ ਦੁਆਰਾ ਚਾਰ ਸਾਲ ’ਚ ਸਿਰਫ ਦੋ ਵਾਰ ਡੀਏ ਜਾਰੀ ਕੀਤਾ ਗਿਆ ਹੈ, ਜਦੋਂ ਕਿ ਇਹ ਸਾਲ ’ਚ ਦੋ ਵਾਰ ਮਿਲਣਾ ਚਾਹੀਦਾ ਹੈ। ਇਸ ਕਾਰਨ ਇਨ੍ਹਾਂ ਹਾਲਾਤਾਂ ’ਚ ਸਰਕਾਰ ਦਾ ਮੁਲਾਜ਼ਮ ਵਰਗ ਪਹਿਲਾਂ ਹੀ ਮਾਨਸਿਕ ਅਤੇ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰੀ ਮੁਲਜ਼ਮਾਂ ਅਤੇ ਬੈਂਕ ਵਰਗੇ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਇਕ ਤਰੀਕ ਤੋਂ ਪਹਿਲਾ ਤਨਖਾਹ ਮਿਲ ਸਕਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਕਿਉਂ ਨਹੀਂ। ਉਨ੍ਹਾਂ ਸਰਕਾਰ ਤੋਂ ਜਲਦ ਤੋਂ ਜਲਦ ਤਨਖਾਹਾਂ ਦਾ ਬਜਟ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਜਲਦੀ ਤਨਖਾਹਾਂ ਦਾ ਬਜਟ ਨਾ ਜਾਰੀ ਹੋਇਆ ਤਾਂ ਜਥੇਬੰਦੀ ਵੱਲੋਂ ਖਜ਼ਾਨੇ ਦਫਤਰਾਂ ਦਾ ਘਰਾਓ ਕੀਤਾ ਜਾਵੇਗਾ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਜਥੇਬੰਦੀ ਤੇ ਹੋਰ ਆਗੂ ਵੀ ਮੌਜੂਦ ਸਨ।