ਕਾਮਰੇਡ ਨਛੱਤਰ ਸਿੰਘ ਭਵਨ

ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਕਾਮਰੇਡ ਨਛੱਤਰ ਸਿੰਘ ਭਵਨ ਮੋਗਾ ਵਿਖੇ ਹੋਈ ਮੁਲਾਜ਼ਮ ਪੈਨਸ਼ਨਰਜ਼ ਸਾਂਝੇ ਫਰੰਟ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਸਰਬਜੀਤ ਸਿੰਘ ਦੌਧਰ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ 2022 ਦੀਆਂ ਚੋਟਾਂ ਵਿਚ ਜੋ ਵਾਅਦੇ ਕਰਕੇ ਸਤਾ ’ਤੇ ਕਾਬਜ ਹੋਈ ਸੀ , ਉਹ ਵਾਅਦੇ ਪੂਰੇ ਕਰਨ ਦੀ ਬਜਾਏ ਆਪਣੇ ਹੱਕ ਮੰਗਦੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਪੈਨਸ਼ਨਰਾਂ, ਠੇਕੇ ’ਤੇ ਕੰਮ ਕਰਦੇ ਕਾਮਿਆਂ, ਆਸ਼ਾ ਵਰਕਰਾਂ, ਮਾਨ ਭੱਤਾ ਵਰਕਰਾਂ, ਆਗਣਵਾੜੀ ਵਰਕਰਾਂ ਅਤੇ ਕੰਪਿਊਟਰ ਉਪਰੇਟਰਾਂ, ਆਮ ਅਧਿਆਪਕਾਂ, ਬੇਰੁਜਗਾਰਾਂ ਨੂੰ ਸ਼ਰ੍ਹੇਆਮ ਅੱਥਰੂ ਗੈਸ ਦੇ ਗੋਲਿਆਂ, ਲਾਠੀਆਂ, ਪਾਣੀ ਦੀ ਬੁਛਾੜਾਂ ਨਾਲ ਨਿਵਾਜਿਆ ਅਤੇ ਕਿਸੇ ਵੀ ਤਬਕੇ ਦੀ ਇਕ ਵੀ ਮੰਗ ਪੂਰੀ ਨਹੀਂ ਕੀਤੀ। ਮੁਲਾਜ਼ਮਾਂ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਨੂੰ ਕੇਂਦਰ ਦੇ ਮੁਲਾਜ਼ਮਾਂ ਨਾਲੋਂ ਡੀ ਲਿੰਕ ਕਰਕੇ 18 ਫੀਸਦੀ ਘੱਟ ਦਿੱਤਾ ਜਾ ਰਿਹਾ ਹੈ ਅਤੇ ਮਾਨਯੋਗ ਹਾਈਕੋਰਟ ਦੇ ਫੈਸਲੇ ਨੂੰ ਵੀ ਵਿਚ ਸਮਝਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਆਪ ਸਰਕਾਰ ਨੇ ਪੰਜਾਬ ਦੇ ਕਿਰਤੀ ਕਾਮੇ ਲੋਕਾਂ ਪ੍ਰਤੀ ਆਪਣੀ ਜਮਾਤੀ ਦੁਸ਼ਮਣੀ ਦਾ ਸ਼ਰ੍ਹੇਆਮ ਵਿਖਾਵਾ ਕੀਤਾ ਹੈ, ਉੱਥੇ ਕੇਂਦਰ ਚ ਬੈਠੀ ਭਾਜਪਾ ਦੀ ਮੋਦੀ ਸਰਕਾਰ ਨੇ ਵੀ ਆਪਣੇ ਸਰਮਾਏਦਾਰ ਸਾਮਰਾਜੀ ਪ੍ਰਭੂਆਂ ਦੀ ਚਾਕਰੀ ਕਰਦਿਆਂ, ਦੇਸ਼ ਦੇ ਲੋਕਾਂ ਨਾਲ ਅਜਿਹਾ ਧ੍ਰੋਹ ਕਮਾਇਆ ਹੈ ਕਿ ਦੇਸ਼ ਦੇ ਸਾਰੇ ਸਰਕਾਰੀ ਅਦਾਰੇ, ਰੇਲਵੇ, ਬੀਐੱਸਐੱਨਐੱਲ, ਹਵਾਈ ਅੱਡੇ, ਹਵਾਈ ਕੰਪਨੀਆਂ ਦੇਸ਼ ਦੇ ਕੀਮਤੀ ਖਜ਼ਾਨੇ ਸਭ ਕੁੱਝ ਵੱਡੇ ਘਰਾਣਿਆ ਦੇ ਹਵਾਲੇ ਕਰਕੇ ਦੇਸ਼ ਦੀ ਸਾਰੀ ਪੂੰਜੀ ਉਨ੍ਹਾਂ ਹਵਾਲੇ ਕਰ ਦਿੱਤੀ ਹੈ। ਦੇਸ਼ ਵਿਚ ਫਿਰਕਾ ਪ੍ਰਸਤੀ ਅਤੇ ਤਾਨਾਸ਼ਾਹੀ ਦਾ ਬੋਲ ਬਾਲਾ ਹੈ। ਮਜ਼ਦੂਰਾਂ ਤੇ ਚਾਰ ਕਾਲੇ ਕੋਡ ਲਾਗੂ ਕਰਕੇ ਉਨ੍ਹਾਂ ਤੋਂ ਆਪਣੇ ਜ਼ਮੂਹਰੀ ਹੱਕਾਂ ਦੀ ਰਾਖੀ ਲਈ ਜਥੇਬੰਦੀ ਬਣਾਉਣ ਅਤੇ ਸੰਘਰਸ਼ ਕਰਨ ਦਾ ਅਧਿਕਾਰ ਖੋਹ ਲਿਆ ਹੈ, ਦਿਨ ਵਿਚ 8 ਘੰਟੇ ਕੰਮ ਕਰਨ ਦੇ ਸੰਘਰਸ਼ਾਂ ਰਾਹੀਂ ਪ੍ਰਾਪਤ ਅਧਿਕਾਰ ਨੂੰ ਖੋਹ ਕੇ 12 ਘੰਟੇ ਕੰਮ ਕਰਨ ਦੇ ਹੁਕਮ ਲਾਗੂ ਕਰ ਦਿੱਤੇ ਹਨ। ਅਜਿਹੀਆਂ ਹਾਲਤਾਂ ਵਿਚ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਦੀ ਰੋਸ਼ਨੀ ਵਿਚ 26 ਮਈ ਨੂੰ ਹੋ ਰਹੀਆਂ ਨਗਰ ਨਿਗਮ, ਨਗਰ ਪਾਲਿਕਾ, ਨਗਰ ਪੰਚਾਇਤਾਂ ਦੀਆਂ ਚੋਣਾਂ ਤੋਂ ਪਹਿਲਾਂ ਸਾਰੇ ਚੋਣ ਖੇਤਰਾਂ ਵਿਚ ਮੋਟਰਸਾਈਕਲਾਂ, ਸਕੂਟਰਾਂ, ਸਾਈਕਲਾਂ ਤੇ ਮਾਰਚ ਕਰਕੇ ਸ਼ਹਿਰਾਂ ਦੇ ਲੋਕਾਂ ਨੂੰ ਇਨ੍ਹਾਂ ਦੋਵਾਂ ਪਾਰਟੀਆਂ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਵਿਚ ਨੰਗਾ ਕੀਤਾ ਜਾਵੇਗਾ। ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਮੋਗਾ ਦੇ ਸਰਗਰਮ ਵਰਕਰ ਅਤੇ ਆਗੂ ਵੱਡੀ ਗਿਣਤੀ ਵਿਚ 23 ਮਈ ਸ਼ਾਮ 5 ਵਜੇ ਮੇਨ ਚੌਕ ਵਿਚ ਇਕੱਤਰ ਹੋਣਗੇ ਅਤੇ ਮੋਟਰਸਾਈਕਲਾ ਸਕੂਟਰਾਂ ਦੇ ਕਾਫ਼ਲੇ ਨਾਲ ਮੋਗੇ ਸ਼ਹਿਰ ਦੀਆਂ ਸੜਕਾਂ ’ਤੇ ਰੋਹ ਭਰਪੂਰ ਆਕਾਸ਼ ਗੁੰਜਾਊਂ ਨਾਹਰਿਆਂ ਨਾਲ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ ਦਾ ਹੋਕਾ ਦੇਣਗੇ। ਸਾਂਝਾ ਫ਼ਰੰਟ ਵਿਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਜਗਦੀਸ਼ ਸਿੰਘ ਚਾਹਲ, ਬਲੌਰ ਸਿੰਘ, ਭੁਪਿੰਦਰ ਸਿੰਘ ਸੇਖੋਂ, ਪ੍ਰੇਮ ਕੁਮਾਰ, ਬੂਟਾ ਸਿੰਘ ਭੱਟੀ, ਲਾਲ ਸਿੰਘ, ਜਗਤਾਰ ਸਿੰਘ ਸੇਖੋਂ, ਸਤਿਯਮ ਪ੍ਰਕਾਸ, ਗੁਰਪ੍ਰੀਤ ਸਿੰਘ ਅਤੇ ਇੰਦਰਵੀਰ ਸਿੰਘ ਗਿੱਲ, ਭਜਨ ਸਿੰਘ ਗਿੱਲ , ਸੁਖਮੰਦਰ ਸਿੰਘ , ਸੁਰਿੰਦਰ ਰਾਮ ਕੁੱਸਾ , ਰਾਜਿੰਦਰ ਸਿੰਘ ਰਿਆੜ , ਕੁਲਵੀਰ ਸਿੰਘ ਢਿੱਲੋਂ , ਗੁਰਮੇਲ ਸਿੰਘ ਨਾਹਰ , ਜਗਰੂਪ ਸਿੰਘ , ਗੁਰਜੰਟ ਸਿੰਘ ਕੋਕਰੀ , ਸੁਰਜੀਤ ਸਿੰਘ ਗਗੜਾ ਅਤੇ ਜਸਪਤ ਰਾਇ ਹਾਜ਼ਰ ਸਨ।