ਵਾਰਡ ਨੰਬਰ-14 ਚੋਣ ਵਿਵਾਦ ਨੇ ਫੜਿਆ ਤੂਲ, ਹਾਈਕੋਰਟ ਤੱਕ ਪਹੁੰਚਿਆ ਮਾਮਲਾ : ਭਾਜਪਾ ਆਗੂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ’ਤੇ ਗੰਭੀਰ ਦੋਸ਼

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਜੈਤੋ ਨਗਰ ਕੌਂਸਲ ਚੋਣਾਂ-2026 ਦੌਰਾਨ ਵਾਰਡ ਨੰਬਰ-14 ਵਿਚ ਭਾਜਪਾ ਉਮੀਦਵਾਰ ਸ਼ੀਤਲ ਸਿੰਗਲਾ ਦੀ ਨਾਮਜ਼ਦਗੀ ਰੱਦ ਹੋਣ ਦਾ ਮਾਮਲਾ ਹੁਣ ਤਿੱਖੇ ਰਾਜਨੀਤਿਕ ਵਿਵਾਦ ਦਾ ਰੂਪ ਧਾਰ ਚੁੱਕਾ ਹੈ। ਇਸ ਘਟਨਾ ਨੇ ਸਥਾਨਕ ਸਿਆਸਤ ਵਿਚ ਗਰਮਾਹਟ ਪੈਦਾ ਕਰ ਦਿੱਤੀ ਹੈ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਉਠ ਰਹੇ ਹਨ। ਸ਼ੀਤਲ ਸਿੰਗਲਾ ਦੇ ਪਤੀ ਅਤੇ ਨਗਰ ਕੌਂਸਲ ਜੈਤੋ ਦੇ ਸਾਬਕਾ ਉਪ-ਪ੍ਰਧਾਨ ਤੇ ਵਾਰਡ ਨੰਬਰ-12 ਤੋਂ ਭਾਜਪਾ ਉਮੀਦਵਾਰ ਪ੍ਰਦੀਪ ਸਿੰਗਲਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ’ਤੇ ਲੋਕਤੰਤਰ ਦਾ ਘਾਣ ਕਰਨ, ਧੱਕੇਸ਼ਾਹੀ ਅਤੇ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਕੇ ਵਿਰੋਧੀ ਉਮੀਦਵਾਰਾਂ ਨੂੰ ਮੈਦਾਨ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੱਕ ਵੀ ਪਹੁੰਚ ਚੁੱਕਾ ਹੈ, ਜਿੱਥੇ ਮਾਨਯੋਗ ਅਦਾਲਤ ਵੱਲੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਕੇਸ ਦੀ ਮੁੜ ਜਾਂਚ ਕਰਨ ਅਤੇ ਜੇਕਰ ਕੋਈ ਤਕਨੀਕੀ ਖਾਮੀ ਹੋਵੇ ਤਾਂ ਉਸ ਨੂੰ ਦੂਰ ਕਰਨ ਲਈ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਪ੍ਰਦੀਪ ਸਿੰਗਲਾ ਨੇ ਦਾਅਵਾ ਕੀਤਾ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਪ੍ਰਸ਼ਾਸਨ ਨੇ ਨਿਰਪੱਖਤਾ ਨਹੀਂ ਦਿਖਾਈ, ਜਿਸ ਕਾਰਨ ਲੋਕਾਂ ਵਿਚ ਰੋਸ ਵਧ ਰਿਹਾ ਹੈ। ਉਨ੍ਹਾਂ ਅਨੁਸਾਰ ਸ਼ੀਤਲ ਸਿੰਗਲਾ ਦੇ ਨਾਮਜ਼ਦਗੀ ਪੱਤਰ ਵਿਚ ਕੋਈ ਵੱਡੀ ਗਲਤੀ ਨਹੀਂ ਸੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਵੀ ਇਸ ਗੱਲ ਨੂੰ ਸਵੀਕਾਰਿਆ ਗਿਆ ਸੀ। ਇਸ ਦੇ ਬਾਵਜੂਦ ਨਾਮਜ਼ਦਗੀ ਰੱਦ ਹੋਣਾ ਕਈ ਸ਼ੱਕ ਅਤੇ ਸਵਾਲ ਖੜ੍ਹੇ ਕਰਦਾ ਹੈ। ਪ੍ਰਦੀਪ ਸਿੰਗਲਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਤ ਉਮੀਦਵਾਰ ਵੱਲੋਂ ਸਰਕਾਰੀ ਜ਼ਮੀਨ ’ਤੇ ਕਬਜ਼ੇ ਦੇ ਬੇਬੁਨਿਆਦ ਦੋਸ਼ ਲਗਾ ਕੇ ਉਨ੍ਹਾਂ ਦੀ ਉਮੀਦਵਾਰੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਨਾ ਤਾਂ ਕੋਈ ਸਪਸ਼ਟ ਜਾਇਦਾਦ ਦਰਸਾਈ ਗਈ ਹੈ ਅਤੇ ਨਾ ਹੀ ਕੋਈ ਸਬੂਤ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਗਰ ਕੌਂਸਲ ਵੱਲੋਂ ਐਨ.ਓ.ਸੀ. ਜਾਰੀ ਕੀਤੇ ਜਾਣ ਤੋਂ ਬਾਅਦ ਉਮੀਦਵਾਰ ਦੀ ਯੋਗਤਾ ’ਤੇ ਕੋਈ ਸਵਾਲ ਨਹੀਂ ਰਹਿੰਦਾ। ਜੇਕਰ ਕੋਈ ਗੰਭੀਰ ਕਬਜ਼ੇ ਦਾ ਮਾਮਲਾ ਹੁੰਦਾ ਤਾਂ ਐਨ.ਓ.ਸੀ. ਜਾਰੀ ਹੀ ਨਾ ਹੁੰਦੀ। ਭਾਜਪਾ ਆਗੂ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਉਮੀਦਵਾਰ ਦਾ ਨਹੀਂ, ਸਗੋਂ ਵਾਰਡ ਨੰਬਰ-14 ਦੇ ਹਜ਼ਾਰਾਂ ਵੋਟਰਾਂ ਦੇ ਲੋਕਤੰਤਰਿਕ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਨਿਰਪੱਖ ਰਵੱਈਆ ਨਾ ਅਪਣਾਇਆ ਤਾਂ ਉਹ ਮੁੜ ਹਾਈਕੋਰਟ ਦਾ ਰੁਖ ਕਰਨਗੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਅਤੇ ਸਬੂਤ ਮੌਜੂਦ ਹਨ ਅਤੇ ਇਹ ਲੜਾਈ ਲੋਕਤੰਤਰ ਅਤੇ ਵੋਟਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਆਖਰੀ ਸਾਹ ਤੱਕ ਜਾਰੀ ਰਹੇਗੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਡਾ. ਰਮਨਦੀਪ ਸਿੰਘ ਜੈਤੋ, ਐਡਵੋਕੇਟ ਪ੍ਰਸ਼ੋਤਮ ਸਿੰਗਲਾ, ਰਮਨ ਸਿੰਗਲਾ, ਸਿੰਪੀ ਸਿੰਗਲਾ ਆਦਿ ਹਾਜ਼ਰ ਸਨ।