ਗੁਲਾਬ ਭੇਟ ਕਰ ਕੇ ਈਦ ਉਲ ਫਿਤਰ ਦੀ ਦਿੱਤੀ ਵਧਾਈ
ਇਤਿਹਾਸਕ ਜਾਮਾ ਮਸਜਿਦ ’ਚ ਮਨਾਇਆ ਗਿਆ ਈਦ ਉਲ ਫਿਤਰ ਦਾ ਤਿਉਹਾਰ
Publish Date: Sat, 21 Mar 2026 05:43 PM (IST)
Updated Date: Sat, 21 Mar 2026 05:46 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ’ਚ ਸ਼ਨੀਵਾਰ ਨੂੰ ਈਦ ਉਲ ਫਿਤਰ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਤੋਂ ਹੀ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਮਸਜਿਦ ਵਿਖੇ ਇਕੱਠੇ ਹੋਏ ਅਤੇ ਨਮਾਜ ਅਦਾ ਕਰਕੇ ਦੇਸ਼ ਦੀ ਖੁਸ਼ਹਾਲੀ, ਅਮਨ-ਚੈਨ ਅਤੇ ਭਾਈਚਾਰੇ ਦੀ ਤਰੱਕੀ ਲਈ ਦੁਆਵਾਂ ਕੀਤੀਆਂ। ਇਸ ਪ੍ਰੋਗਰਾਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਹਨੀ ਫੱਤਣਵਾਲਾ ਨੇ ਸਭ ਨੂੰ ਈਦ ਦੀਆਂ ਵਧਾਈਆਂ ਦਿੰਦਿਆਂ ਨੰਨ੍ਹੇ ਮੁੰਨੇ ਬੱਚਿਆਂ ਨੂੰ ਗੁਲਾਬ ਦੇ ਫੁੱਲ ਦਿੱਤੇ ਤੇ ਕਿਹਾ ਕਿ ਈਦ ਦਾ ਤਿਉਹਾਰ ਪਿਆਰ, ਭਾਈਚਾਰੇ ਅਤੇ ਆਪਸੀ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਮਿਲ ਕੇ ਸਮਾਜ ਵਿੱਚ ਅਮਨ ਅਤੇ ਇਕੱਤਰਤਾ ਬਣਾਈ ਰੱਖਣ। ਇਸ ਪ੍ਰੋਗਰਾਮ ਦੌਰਾਨ ਨਮਾਜ ਅਦਾ ਕਰਨ ਉਪਰੰਤ ਲੋਕਾਂ ਨੇ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਮਿੱਠਿਆਈਆਂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹਨੀ ਫੱਤਣਵਾਲਾ ਨੇ ਕਿਹਾ ਕਿ ਇਸ ਪਾਵਨ ਤਿਉਹਾਰ ਤੇ ਸਾਨੂੰ ਅਮਨ ਸ਼ਾਂਤੀ ਲਈ ਅਰਦਾਸ ਕਰਨੀ ਚਾਹੀਦੀ ਹੈ, ਕਿਉਂਕਿ ਹਰ ਧਰਮ ਸਾਨੂੰ ਦੂਜੇ ਧਰਮ ਦੀ ਇੱਜ਼ਤ ਕਰਨਾ ਸਿਖਾਉਂਦਾ ਹੈ ਤੇ ਸਾਨੂੰ ਦੂਸਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਹਨੀ ਫੱਤਣਵਾਲਾ ਨੇ ਕਿਹਾ ਕਿ ਅੱਜ ਦੁਨੀਆਂ ਦੇ ਲੋਕ ਆਪਸ ਵਿੱਚ ਲੜਨਾ ਨਹੀਂ ਚਾਹੁੰਦੇ ਤੇ ਕਿਸੇ ਦੇ ਪ੍ਰਤੀ ਕੋਈ ਵੀ ਮਤਭੇਦ ਨਹੀਂ ਰੱਖਣਾ ਚਾਹੁੰਦੇ ਪਰ ਸਾਡੇ ਦੇਸ਼ ’ਚ ਕੁਝ ਸਿਆਸਤਦਾਨ ਆਪਣੀ ਸਿਆਸਤ ਨੂੰ ਚਮਕਾਉਣ ਦੀ ਖਾਤਿਰ ਧਰਮਾਂ ਦੇ ਨਾਮ ’ਤੇ ਲੋਕਾਂ ਨੂੰ ਲੜਾ ਰਹੇ ਹਨ, ਸਾਨੂੰ ਅਜਿਹੇ ਸਿਆਸਤਦਾਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਇਸ ਪਵਿੱਤਰ ਦਿਹਾੜੇ ’ਤੇ ਅਰਦਾਸ ਕੀਤੀ ਕਿ ਦੁਨੀਆਂ ਉਪਰ ਜਿਹੜੇ ਦੇਸ਼ਾਂ ’ਚ ਜੰਗ ਲੱਗੀ ਹੋਈ ਹੈ, ਕਤਲੇਆਮ ਹੋ ਰਿਹਾ ਹੈ, ਉੱਥੇ ਸਾਰੇ ਅਮਨ ਸ਼ਾਂਤੀ ਹੋਵੇ ਤੇ ਸਾਰੀ ਦੁਨੀਆਂ ਦੇ ਲੋਕ ਆਪਸ ’ਚ ਮਿਲ ਜੁਲ ਕੇ ਰਹੀਏ। ਇਸ ਮੌਕੇ ਡਾ. ਸ਼ਾਇਦ ਅਲੀ ਨੇਤਾ, ਮੁਹੰਮਦ ਅਸ਼ਰਫ ਚੇਅਰਮੈਨ, ਅਸ਼ਰਫ ਅਲੀ ਸੈਕਟਰੀ, ਮੁਹੰਮਦ ਜਾਵੈਦ, ਪ੍ਰਿਤਪਾਲ ਕਮਰਾ ਅਤੇ ਸੁਰਜੀਤ ਸੰਧੂ ਤੋਂ ਇਲਾਵਾ ਵੱਡੀ ਗਿਣਤੀ ’ਚ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ।