ਐਡਵਰਡ ਕਿਰਾਏਦਾਰ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਨੂੰ ਸੌਂਪਿਆ ਮੰਗ ਪੱਤਰ
ਐਡਵਰਡ ਕਿਰਾਏਦਾਰ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਨਾਲ ਕੀਤੀ ਮੁਲਾਕਾਤ
Publish Date: Sun, 10 May 2026 05:16 PM (IST)
Updated Date: Sun, 10 May 2026 05:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਐਡਵਰਡ ਕਿਰਾਏਦਾਰ ਐਸੋਸੀਏਸ਼ਨ ਦੇ ਇੱਕ ਪ੍ਰਤੀਨਿਧ ਮੰਡਲ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਐਸੋਸੀਏਸ਼ਨ ਦੇ ਪ੍ਰਮੁੱਖ ਆਗੂਆਂ ਕਰਤਾਰ ਖੁੰਗਰ, ਸੁਰਿੰਦਰ ਮਦਾਨ, ਪਵਨ ਮੱਕੜ (ਪ੍ਰਧਾਨ ਰਿਟੇਲ ਕਰਿਆਨਾ ਐਸੋਸੀਏਸ਼ਨ), ਮਹਿੰਦਰ, ਅਨੀਸ਼ ਵਧਵਾ, ਸ਼ਿੰਪੂ ਗਾਬਾ, ਜਸਪਾਲ ਸਿੰਘ ਜੱਸਾ ਅਤੇ ਕੇਵਲ ਗੋਇਲ ਆਦਿ ਨੇ ਦੱਸਿਆ ਕਿ ਉਨ੍ਹਾਂ ਕੋਲ ਐਡਵਰਡਗੰਜ ਦੀਆਂ ਦੁਕਾਨਾਂ ਪਿਛਲੇ 80-90 ਸਾਲਾਂ ਤੋਂ ਹਨ। ਉਨ੍ਹਾਂ ਕਿਹਾ ਕਿ ਉਹ ਸਮੇਂ-ਸਮੇਂ ਤੇ ਬਣਦਾ ਕਿਰਾਇਆ ਐਡਵਰਡਗੰਜ ਸੰਸਥਾ ਨੂੰ ਅਦਾ ਕਰ ਰਹੇ ਹਨ, ਪਰ ਮਾਲਕਾਨਾ ਹੱਕ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਲਕਾਨਾ ਹੱਕ ਨਾ ਹੋਣ ਕਰਕੇ ਕਾਰੋਬਾਰ ਵਧਾਉਣ ਲਈ ਨਾ ਤਾਂ ਬੈਂਕ ਤੋਂ ਕਰਜ਼ਾ (ਲੋਨ) ਮਿਲਦਾ ਹੈ ਅਤੇ ਨਾ ਹੀ ਕੋਈ ਹੋਰ ਸਰਕਾਰੀ ਸਹੂਲਤ। ਉਨ੍ਹਾਂ ਨੇ ਮੰਤਰੀ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਐਡਵਰਡਗੰਜ ਸੰਸਥਾ ਵੱਲੋਂ ਮਾਲਕਾਨਾ ਹੱਕ ਦਿੱਤੇ ਜਾਣ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਵਧਾ ਸਕਣ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮਾਲਕਾਨਾ ਹੱਕ ਦੀ ਮੰਗ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਅਤੇ ਐਡਵਰਡਗੰਜ ਵੈਲਫੇਅਰ ਐਸੋਸੀਏਸ਼ਨ ਦੀ ਚੇਅਰਪਰਸਨ ਸਾਰਿਕਾ ਗਰਗ ਨੇ ਕਿਹਾ ਕਿ ਜਲਦੀ ਹੀ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਦੇ ਤਕਨੀਕੀ ਪਹਿਲੂਆਂ ਤੇ ਵਿਚਾਰ ਕੀਤਾ ਜਾਵੇਗਾ। ਮੰਤਰੀ ਨੇ ਇਹ ਵੀ ਕਿਹਾ ਕਿ ਲੋੜ ਪੈਣ ਤੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤਗੁਰੂ ਦੇਵ ਰਾਜ, ਜੋਨੀ ਗਰਗ, ਰਿੰਕੂ ਕਮਰਾ, ਆਮ ਆਦਮੀ ਪਾਰਟੀ ਦੇ ਆਗੂ ਦੀਪਕ ਕਾਠਪਾਲ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।