ਡੀਟੀਐੱਫ ਨੇ 17 ਦੀ ਮੋਹਾਲੀ ਰੈਲੀ ਲਈ ਤਿਆਰੀ ਆਰੰਭੀ
ਡੀਟੀਐੱਫ ਵੱਲੋਂ 17 ਮਈ ਦੀ ਮੋਹਾਲੀ ਰੈਲੀ ਲਈ ਤਿਆਰੀ ਮੀਟਿੰਗ
Publish Date: Sun, 10 May 2026 03:37 PM (IST)
Updated Date: Sun, 10 May 2026 03:39 PM (IST)

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਸ੍ਰੀ ਮੁਕਤਸਰ ਵੱਲੋਂ ਜ਼ਿਲ੍ਹਾ ਆਗੂ ਪਵਨ ਕੁਮਾਰ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵੱਲੋਂ 17 ਮਈ ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਰਿਪੋਰਟ ਜਾਰੀ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰ ਸਿੰਘ ਗੋਨੇਆਣਾ ਨੇ ਦੱਸਿਆ ਕਿ ਆਪ ਸਰਕਾਰ ਨੇ ਆਪਣੇ ਕਾਰਜਕਾਲ ਦੇ ਸਾਢੇ ਚਾਰ ਸਾਲ ਬੀਤਣ ਤੇ ਵੀ ਮੁਲਾਜ਼ਮ ਵਰਗ ਦੀ ਕੋਈ ਵਿੱਤੀ ਮੰਗ ਪੂਰੀ ਨਹੀਂ ਕੀਤੀ, ਜਿਸ ਕਰ ਕੇ ਸਮੂਹ ਮੁਲਾਜ਼ਮ ਵਰਗ ਚ ਰੋਸ ਹੈ। ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ, ਜਿੰਨ੍ਹਾਂ ਵਿੱਚ 17 ਜੁਲਾਈ 2020 ਤੋਂ ਬਾਅਦ ਦੀਆਂ ਭਰਤੀਆਂ ਲਈ ਪੰਜਾਬ ਦੇ ਪੂਰੇ ਤਨਖਾਹ ਸਕੇਲ, 2004 ਤੋਂ ਬਾਅਦ ਦੀਆਂ ਭਰਤੀਆਂ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ, 18% ਮਹਿੰਗਾਈ ਭੱਤੇ ਸਮੇਤ 37 ਕਿਸਮ ਦੇ ਭੱਤਿਆਂ ਦੀ ਬਹਾਲੀ ਪ੍ਰਮੁੱਖ ਹੈ, ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸਾਂਝੀਆਂ ਵਿੱਤੀ ਮੰਗਾਂ ਦੀ ਪ੍ਰਾਪਤੀ ਲਈ ਬਣੇ ਸਾਂਝੇ ‘ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ ਵੱਲੋਂ ਪਹਿਲਾਂ ਮੋਗਾ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਅਤੇ ਫਿਰ ਸਾਰੇ ਜ਼ਿਲ੍ਹਿਆਂ ’ਚ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਕਰਨ ਤੋਂ ਬਾਅਦ ਹੁਣ ਸੂਬਾ ਪੱਧਰੀ ਰੈਲੀ 17 ਮਈ ਨੂੰ ਮੋਹਾਲੀ ’ਚ ਕੀਤੀ ਜਾ ਰਹੀ ਹੈ। ਇਸ ਰੈਲੀ ’ਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਮੀਟਿੰਗ ’ਚ ਡੀਟੀਐੱਫ ਸੂਬਾ ਕਮੇਟੀ ਮੈਂਬਰ ਪਰਮਾਤਮਾ ਸਿੰਘ, ਬਲਾਕ ਪ੍ਰਧਾਨ ਰਵੀ ਕੁਮਾਰ, ਸੁਰਿੰਦਰ ਕੁਮਾਰ, ਕੰਵਲਜੀਤ ਪਾਲ, ਬਲਵੰਤ ਸਿੰਘ, ਖੁਸ਼ਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਹਾਜ਼ਰ ਸਨ।