ਡੀਐੱਸਪੀ ਜਤਿੰਦਰ ਸਿੰਘ ਨੇ ਅਹੁਦਾ ਸੰਭਾਲਿਆ
ਡੀਐੱਸਪੀ ਜਤਿੰਦਰ ਸਿੰਘ ਨੇ ਅਹੁਦਾ ਸੰਭਾਲਿਆ
Publish Date: Tue, 21 Apr 2026 05:18 PM (IST)
Updated Date: Tue, 21 Apr 2026 05:22 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਗਿੱਦੜਬਾਹਾ, ਗਿੱਦੜਬਾਹਾ ਦੇ ਡੀਐੱਸਪੀ ਅਰੁਣ ਮੁੰਡਨ ਦਾ ਬਠਿੰਡਾ ਵਿਖੇ ਤਬਾਦਲਾ ਹੋਣ ਉਪਰੰਤ ਜਤਿੰਦਰ ਸਿੰਘ ਨੇ ਗਿੱਦੜਬਾਹਾ ਦੇ ਨਵੇਂ ਡੀਐੱਸਪੀ ਵਜੋਂ ਅਹੁਦਾ ਸੰਭਾਲ ਲਿਆ ਹੈ। ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਦੌਰਾਨ ਡੀਐੱਸਪੀ ਜਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਇਲਾਕੇ ’ਚੋਂ ਨਸ਼ੇ ਨੂੰ ਖਤਮ ਕਰਨਾ ਹੈ। ਉਨ੍ਹਾਂ ਨਸ਼ੇ ਦੇ ਕਾਰੋਬਾਰ ’ਚ ਲੱਗੇ ਲੋਕਾਂ ਨੂੰ ਸਖਤ ਸ਼ਬਦਾਂ ’ਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਨਸ਼ੇ ਦਾ ਕਾਰੋਬਾਰ ਬੰਦ ਕਰ ਦੇਣ ਨਹੀਂ ਤਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ ਅੱਗੇ ਤੇ ਬੱਸ ਸਟੈਂਡ ਤੇ ਜਾਂ ਹੋਰ ਕਿਸੇ ਵੀ ਥਾਂ ’ਤੇ ਖੜ੍ਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ’ਚ ਟਰੈਫਿਕ ਦੀ ਸਮੱਸਿਆ ’ਚ ਪੁਖਤਾ ਸੁਧਾਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਆਪਣੇ ਕੰਮ ਲਈ ਉਨ੍ਹਾਂ ਦੇ ਦਫਤਰ ’ਚ ਆ ਜਾ ਸਕਦਾ ਹੈ ਤੇ ਉਨ੍ਹਾਂ ਦੇ ਦਫਤਰ ਵਿਖੇ ਆਏ ਹਰ ਵਿਅਕਤੀ ਦਾ ਬਣਦਾ ਮਾਨ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਥਾਣਾ ਗਿੱਦੜਬਾਹਾ ਦੇ ਐੱਸਐੱਚਓ ਹਰਗੋਬਿੰਦ ਸਿੰਘ ਮਾਨ ਤੇ ਥਾਣਾ ਕੋਟਭਾਈ ਦੀ ਐੱਸਐੱਚਓ ਦੀਪਿਕਾ ਕੰਬੋਜ ਵੀ ਮੌਜੂਦ ਸਨ।