ਪਰਿਵਾਰ ਨੇ ਨਸ਼ਾ ਤਸਕਰ ਦੇ ਘਰ ਅੱਗੇ ਲਾਸ਼ ਰੱਖ ਕੇ ਲਾਇਆ ਧਰਨਾ
ਹਰੀਕੇ ਕਲਾਂ ’ਚ ਨਸ਼ੇ ਨੇ ਨਿਗਲਿਆ ਇੱਕ ਹੋਰ ਚਿਰਾਗ; ਪੜ੍ਹੇ-ਲਿਖੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ
Publish Date: Fri, 24 Apr 2026 06:55 PM (IST)
Updated Date: Fri, 24 Apr 2026 06:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਪਿੰਡ ਹਰੀਕੇ ਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਵੀਰਵਾਰ ਦੇਰ ਸ਼ਾਮ ਨਸ਼ੇ ਦੀ ਓਵਰਡੋਜ਼ ਕਾਰਨ 32 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਬੀਏ ਤੇ ਐੱਨਟੀਟੀ ਪਾਸ ਸੀ ਪਰ ਬੇਰੁਜ਼ਗਾਰੀ ਤੇ ਨਸ਼ੇ ਦੀ ਦਲਦਲ ਨੇ ਉਸਦੀ ਜ਼ਿੰਦਗੀ ਖ਼ਤਮ ਕਰ ਦਿੱਤੀ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਨੂੰ ਪਿੰਡ ਦੇ ਹੀ ਇੱਕ ਕਥਿਤ ਨਸ਼ਾ ਤਸਕਰ ਦੇ ਘਰ ਅੱਗੇ ਰੱਖ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਰਿਵਾਰ ਦਾ ਦੋਸ਼ ਹੈ ਕਿ ਮਨਪ੍ਰੀਤ ਦੀ ਮੌਤ ਉਸੇ ਘਰ ਦੇ ਬਾਹਰ ਹੋਈ ਹੈ, ਜਿੱਥੇ ਸ਼ਰੇਆਮ ਨਸ਼ਾ ਵੇਚਿਆ ਜਾਂਦਾ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਨਸ਼ਾ ਤਸਕਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਇਆ ਜਾਵੇ। ਮ੍ਰਿਤਕ ਦੇ ਭਰਾ ਜਗਮੀਤ ਸਿੰਘ ਨੇ ਦੱਸਿਆ ਕਿ ਉਸਨੂੰ ਸੂਚਨਾ ਮਿਲੀ ਸੀ ਕਿ ਮਨਪ੍ਰੀਤ ਪਿੰਡ ਦੇ ਹੀ ਜਸ਼ਨਦੀਪ ਸਿੰਘ ਦੇ ਘਰ ਅੰਦਰ ਡਿੱਗਿਆ ਪਿਆ ਹੈ। ਜਦੋਂ ਉਹ ਆਪਣੇ ਪਰਿਵਾਰ ਸਮੇਤ ਮੌਕੇ ਤੇ ਪਹੁੰਚਿਆ ਤਾਂ ਮਨਪ੍ਰੀਤ ਦੀ ਬਾਂਹ ਵਿੱਚ ਨਸ਼ੇ ਵਾਲੀ ਸਰਿੰਜ ਲੱਗੀ ਹੋਈ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਉੱਥੇ ਮੌਜੂਦ ਵਿਅਕਤੀਆਂ ਨੇ ਹੀ ਉਸਨੂੰ ਨਸ਼ੇ ਦਾ ਟੀਕਾ ਲਗਾ ਕੇ ਮੌਤ ਦੇ ਮੂੰਹ ਵਿੱਚ ਧੱਕਿਆ ਹੈ। ਮਾਂ ਦਾ ਕਰੁਣਾਮਈ ਵੈਣ: ‘ਪਿੰਡ ਚ ਸ਼ਰੇਆਮ ਵਿਕਦਾ ਚਿੱਟਾ’ ਮ੍ਰਿਤਕ ਦੀ ਮਾਂ ਨੇ ਰੋਂਦਿਆਂ ਕੁਰਲਾਉਂਦਿਆਂ ਕਿਹਾ ਕਿ ਪਿੰਡ ਵਿੱਚ ਨਸ਼ਾ (ਚਿੱਟਾ) ਸ਼ਰੇਆਮ ਵਿਕ ਰਿਹਾ ਹੈ, ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਅੱਜ ਉਨ੍ਹਾਂ ਦਾ ਪੜ੍ਹਿਆ-ਲਿਖਿਆ ਪੁੱਤ ਜਿਉਂਦਾ ਹੁੰਦਾ। ਐੱਸਪੀ (ਡੀ) ਮਨਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕੀਤੀ ਹੈ। ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਤੇ ਜਸ਼ਨਦੀਪ ਸਿੰਘ, ਗਗਨਦੀਪ ਸਿੰਘ, ਲਖਵੀਰ ਕੌਰ, ਰਵੀਦੀਪ ਸਿੰਘ ਤੇ ਹਨੀ ਸਿੰਘ ਵਾਸੀ ਹਰੀਕੇ ਕਲਾਂ ਦੇ ਖਿਲਾ਼ਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਸਾਰੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ।