ਕੇਮਿਸਟਾਂ ਦੀ ਹੜਤਾਲ ਕਾਰਨ ਦਵਾ ਦੁਕਾਨਾਂ ਨੂੰ ਲੱਗੇ ਤਾਲੇ, ਮਰੀਜ਼ ਪਰੇਸ਼ਾਨ
ਕੇਮਿਸਟਾਂ ਦੀ ਹੜਤਾਲ ਕਾਰਨ ਦਵਾ ਦੁਕਾਨਾਂ ਨੂੰ ਲੱਗੇ ਤਾਲੇ, ਮਰੀਜ਼ ਪਰੇਸ਼ਾਨ
Publish Date: Wed, 20 May 2026 05:50 PM (IST)
Updated Date: Wed, 20 May 2026 05:52 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਨਲਾਈਨ ਫਾਰਮੇਸੀ ਅਤੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਪੰਜਾਬ ਕੇਮਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਮੰਗਲਵਾਰ ਨੂੰ ਪੂਰੇ ਸੂਬੇ ਵਿੱਚ ਦਵਾਈਆਂ ਦੀਆਂ ਦੁਕਾਨਾਂ ਬੰਦ ਰਹੀਆਂ। ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਕੇਮਿਸਟਾਂ ਦੀ ਹੜਤਾਲ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਬੰਦ ਹੋਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ। ਕੁਝ ਲੋਕ ਮੈਡੀਕਲ ਸਟੋਰਾਂ ’ਤੇ ਦਵਾਈ ਲੈਣ ਪਹੁੰਚੇ ਤਾਂ ਦੁਕਾਨਾਂ ਬੰਦ ਦੇਖ ਕੇ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਦਿੱਕਤ ਹੋਈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਪੰਜਾਬ ਕੇਮਿਸਟ ਐਸੋਸੀਏਸ਼ਨ ਦੇ ਮੈਂਬਰ ਸੁਭਾਸ਼ ਖੁਰਾਨਾ ਨੇ ਕਿਹਾ ਕਿ ਗ਼ੈਰ-ਕਾਨੂੰਨੀ ਆਨਲਾਈਨ ਦਵਾਈਆਂ ਦੀ ਵਿਕਰੀ ਨੇ ਰਵਾਇਤੀ ਕੇਮਿਸਟਾਂ ਦਾ ਕਾਰੋਬਾਰ ਚੌਪਟ ਕਰ ਦਿੱਤਾ ਹੈ। ਸਰਕਾਰ ਦੀਆਂ ਨੀਤੀਆਂ ਕਾਰਨ ਹਾਲਾਤ ਹੋਰ ਵਿਗੜ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਕੇਮਿਸਟਾਂ ਨੇ ਕਿਹਾ ਕਿ ਅਸੀਂ ਹੜਤਾਲ ਨਹੀਂ ਚਾਹੁੰਦੇ, ਪਰ ਇਹ ਸਾਡੀ ਮਜਬੂਰੀ ਹੈ। ਆਨਲਾਈਨ ਕੰਪਨੀਆਂ ਬਿਨਾਂ ਬਿੱਲ ਅਤੇ ਪਰਚੀ (ਨੁਸਖ਼ੇ) ਦੇ ਦਵਾਈਆਂ ਵੇਚ ਰਹੀਆਂ ਹਨ। ਨਕਲੀ ਦਵਾਈਆਂ ਨਾਲ ਮਰੀਜ਼ਾਂ ਦੀ ਸਿਹਤ ਹੋਰ ਖ਼ਰਾਬ ਹੋ ਰਹੀ ਹੈ ਅਤੇ ਬਦਨਾਮੀ ਸਾਡੀ ਹੋ ਰਹੀ ਹੈ। ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਡਰੱਗ ਇੰਸਪੈਕਟਰ ਆਏ ਦਿਨ ਬਿਨਾਂ ਵਜ੍ਹਾ ਪਰੇਸ਼ਾਨ ਕਰਦੇ ਹਨ ਅਤੇ ਲਾਇਸੰਸ ਰੀਨਿਊ (ਨਵਿਆਉਣ) ਹੋਣ ਵਿੱਚ ਮਹੀਨੇ ਲੱਗ ਜਾਂਦੇ ਹਨ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਾਨੂੰਨ ਸਖ਼ਤ ਕਰੇ ਅਤੇ ਸਾਡਾ ਕਾਰੋਬਾਰ ਬਚਾਏ। ਅੱਜ ਆਮ ਲੋਕ ਪਰੇਸ਼ਾਨ ਹੋਏ, ਇਸ ਦਾ ਸਾਨੂੰ ਦੁੱਖ ਹੈ, ਪਰ ਸਿਸਟਮ ਨੂੰ ਜਗਾਉਣ ਲਈ ਇਹ ਕਦਮ ਜ਼ਰੂਰੀ ਸੀ। ਕੈਮਿਸਟਾਂ ਦੀਆਂ ਪ੍ਰਮੁੱਖ ਮੰਗਾਂ ਗ਼ੈਰ-ਕਾਨੂੰਨੀ ਆਨਲਾਈਨ ਦਵਾਈਆਂ ਦੀ ਵਿਕਰੀ ਤੁਰੰਤ ਬੰਦ ਹੋਵੇ। ਇਸ ਨਾਲ ਨਕਲੀ ਦਵਾਈਆਂ ਕਾਰਨ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਵਧ ਰਿਹਾ ਹੈ। ਡਰੱਗ ਵਿਭਾਗ ਦੀ ਕਾਰਜਪ੍ਰਣਾਲੀ ਪਾਰਦਰਸ਼ੀ ਬਣੇ ਅਤੇ ਕੇਮਿਸਟਾਂ ਦੀ ਪ੍ਰੇਸ਼ਾਨੀ ਬੰਦ ਹੋਵੇ। ਲਾਇਸੰਸ ਰੀਨਿਊਅਲ ਵਿੱਚ ਆਉਣ ਵਾਲੀਆਂ ਤਕਨੀਕੀ ਦਿੱਕਤਾਂ ਅਤੇ ਬਿਨਾਂ ਵਜ੍ਹਾ ਦੀ ਦੇਰੀ ਨੂੰ ਖ਼ਤਮ ਕੀਤਾ ਜਾਵੇ।