ਨਹਿਰਾਂ ’ਚ ਆ ਰਿਹਾ ਗੰਧਲਾ ਪਾਣੀ, ਪੀਣ ਵਾਲਾ ਪਾਣੀ ਬਣਿਆ ਜ਼ਹਿਰੀਲਾ
ਨਹਿਰਾਂ ’ਚ ਆ ਰਿਹਾ ਗੰਧਲਾ ਪਾਣੀ, ਪੀਣ ਵਾਲਾ ਪਾਣੀ ਬਣਿਆ ਜ਼ਹਿਰੀਲਾ
Publish Date: Tue, 05 May 2026 05:45 PM (IST)
Updated Date: Tue, 05 May 2026 05:47 PM (IST)

ਵਰਿੰਦਰ ਬੱਬੂ. ਪੰਜਾਬੀ ਜਾਗਰਣ ਲੰਬੀ : ਹਲਕਾ ਮਲੋਟ ਤੇ ਲੰਬੀ ਦੇ ਆਲੇ-ਦੁਆਲੇ ਪਿੰਡਾਂ ’ਚ ਪੀਣ ਯੋਗ ਸਾਫ਼ ਪਾਣੀ ਦੀ ਕਮੀ ਗੰਭੀਰ ਰੂਪ ਧਾਰ ਚੁੱਕੀ ਹੈ। ਇਲਾਕੇ ਵਾਸੀ ਧਰਤੀ ਹੇਠਲੇ ਸਾਫ਼ ਪਾਣੀ ਤੋਂ ਵੰਚਿਤ ਹੋਣ ਕਰਕੇ ਨਹਿਰਾਂ, ਸੂਇਆਂ ਤੇ ਕੱਸੀਆਂ ’ਚ ਆ ਰਹੇ ਗੰਦਲੇ ਪਾਣੀ ’ਤੇ ਨਿਰਭਰ ਹੋਣ ਲਈ ਮਜਬੂਰ ਹਨ ਜਿਸ ਨਾਲ ਬਿਮਾਰੀਆਂ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ। ਧਰਤੀ ਹੇਠਲਾ ਪਾਣੀ ਪਹਿਲਾਂ ਹੀ ਪ੍ਰਦੂਸ਼ਿਤ ਹੋ ਚੁੱਕਾ ਹੈ ਤੇ ਹੁਣ ਨਹਿਰਾਂ ਦਾ ਪਾਣੀ ਵੀ ਗੰਧਲਾ ਹੋ ਗਿਆ ਹੈ ਜਿਸ ਨਾਲ ਸਥਿਤੀ ਹੋਰ ਵੀ ਨਾਜ਼ੁਕ ਬਣ ਗਈ ਹੈ। ਘਰੇਲੂ ਪਾਣੀ ਸਪਲਾਈ ਪੂਰੀ ਨਾ ਹੋਣ ਕਰਕੇ ਲੋਕਾਂ ਕੋਲ ਕੋਈ ਹੋਰ ਸਾਧਨ ਨਹੀਂ ਬਚਿਆ। ਸਰਕਾਰ ਵੱਲੋਂ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਇਸਦੇ ਉਲਟ ਹੈ। ਗਰੀਬ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ, ਕਿਉਂਕਿ ਉਹ ਮਹਿੰਗਾ ਆਰਓ ਪਾਣੀ ਖਰੀਦਣ ਦੇ ਯੋਗ ਨਹੀਂ। ਗੰਧਲੇ ਪਾਣੀ ਨਾਲ ਪਿੰਡਾਂ ਦੀ ਜ਼ਿੰਦਗੀ ਖ਼ਤਰੇ ’ਚ ਮਾਲਵਾ ਖੇਤਰ ਦੇ ਕਈ ਪਿੰਡਾਂ ’ਚ ਪੀਣ ਵਾਲੇ ਪਾਣੀ ਦੀ ਭਾਰੀ ਸਮੱਸਿਆ ਸਾਹਮਣੇ ਆ ਰਹੀ ਹੈ। ਢਿੱਪਾਂ ਵਾਲੀ ਨਹਿਰ ਤੋਂ ਕੁੰਡਲ ਮਾਇਨਰ ਰਾਹੀਂ ਪੰਨੀਵਾਲਾ ਫੱਤਾ ਹੈਡ ਤੋਂ ਲੈ ਕੇ ਰੱਤਾ ਟਿੱਬਾ ਤੱਕ ਲਗਭਗ ਚਾਰ ਤੋਂ ਪੰਜ ਵਾਟਰ ਵਰਕਸਾਂ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਹੈ ਪਰ ਮਾਇਨਰ ਦੀ ਸਮੇਂ-ਸਿਰ ਸਫਾਈ ਨਾ ਹੋਣ ਕਾਰਨ ਪਾਣੀ ’ਚ ਜਾਲਾ ਤੇ ਕਾਈ ਆਦਿ ਜੰਮਿਆ ਪਿਆ ਹੈ ਤੇ ਹਨੇਰੀਆਂ ਕਰਕੇ ਕੱਖ-ਕਾਨਿਆਂ ਨਾਲ ਭਰਿਆ ਹੋਇਆ ਹੈ। ਗੰਧਲੇ ਪਾਣੀ ਨਾਲ ਨਹਾਉਣ ਤੋਂ ਵੀ ਡਰ ਲੱਗਦਾ : ਰਾਜਦੀਪ ਸਿੰਘ ਪਿੰਡ ਰੱਤਾ ਟਿੱਬਾ ਵਾਸੀ ਰਾਜਦੀਪ ਸਿੰਘ ਨੇ ਦੱਸਿਆ ਕਿ ਪਾਣੀ ਦੀ ਹਾਲਤ ਇੰਨੀ ਖਰਾਬ ਹੈ ਕਿ ਇਸ ਨਾਲ ਨਹਾਉਣ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਕਿਸੇ ਵੀ ਬਿਮਾਰੀ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਸਰਕਾਰ ਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਨਹਿਰਾਂ ਤੇ ਸੂਇਆਂ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼ ਪਾਣੀ ਮਿਲ ਸਕੇ। ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ : ਰਮਨਦੀਪ ਸਿੰਘ ਪਿੰਡ ਰੱਤਾ ਟਿੱਬਾ ਦੇ ਵਾਸੀ ਰਮਨਦੀਪ ਸਿੰਘ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ ਜੋ ਕਿ ਪੀਣ ਯੋਗ ਨਹੀਂ ਰਿਹਾ। ਇਸ ਪਾਣੀ ’ਚ ਕਈ ਧਾਤਾਂ ਮਿਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਨਹਿਰਾਂ ਤੇ ਸੂਇਆਂ ’ਚ ਵੀ ਗੰਧਲਾ ਪਾਣੀ ਆ ਰਿਹਾ ਹੈ ਤੇ ਗਰੀਬ ਵਰਗ ਆਰਓ ਦਾ ਪਾਣੀ ਖਰੀਦਣ ਦੇ ਯੋਗ ਨਹੀਂ ਹੈ ਜਿਸ ਕਰਕੇ ਉਹ ਇਹ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਜਲਦ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ। ਪੇਟ ਤੇ ਚਮੜੀ ਸਬੰਧੀ ਬਿਮਾਰੀਆਂ ਫੈਲਣ ਦਾ ਖਦਸ਼ਾ : ਹਰਚੰਦ ਸਿੰਘ ਪਿੰਡ ਰੱਤਾ ਟਿੱਬਾ ਵਾਸੀ ਹਰਚੰਦ ਸਿੰਘ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਖਰਾਬ ਹੋ ਰਿਹਾ ਹੈ ਜੋ ਪੀਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀਆਂ ’ਚ ਵੀ ਫੈਕਟਰੀਆਂ ਤੇ ਉਦਯੋਗਾਂ ਆਦਿ ਦਾ ਗੰਧਲਾ ਪਾਣੀ ਪਾ ਦਿੱਤਾ ਜਾਂਦਾ ਹੈ ਜੋ ਕਿ ਮਨੁੱਖੀ ਜਿੰਦਗੀ ਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਗੰਦਲੇ ਪਾਣੀ ਦੀ ਵਰਤੋਂ ਨਾਲ ਪੇਟ ਦੀਆਂ ਬਿਮਾਰੀਆਂ ਤੇ ਚਮੜੀ ਸਬੰਧੀ ਰੋਗ ਵੱਧ ਸਕਦੇ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕੱਢਿਆ ਜਾਵੇ ਤੇ ਸਾਫ਼ ਪੀਣ ਯੋਗ ਪਾਣੀ ਦੀ ਪੱਕੀ ਸੁਵਿਧਾ ਯਕੀਨੀ ਬਣਾਈ ਜਾਵੇ। ਇਸ ਸਬੰਧੀ ਨਹਿਰ ਵਿਭਾਗ ਦੇ ਐਕਸੀਅਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਓਧਰ ਜੇਈ ਸਾਹਿਲ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਵੀ ਸੂਏ ਦੀ ਸਫਾਈ ਬਾਰੇ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ ਤੇ ਗੰਧਲੇ ਪਾਣੀ ਬਾਰੇ ਟਾਲਮਟੋਲ ਕੀਤੀ ਗਈ।