ਦੀਵਾਲੀ ਅਤੇ ਗੁਰਪੁਰਬ ਮੌਕੇ ਮੌਕੇ ਪਟਾਖਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਕੱਢੇ ਡਰਾਅ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਖਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਡਰਾਅ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਦੀ ਦੇਖ-ਰੇਖ ਵਿੱਚ ਅਪਲਾਈ ਕਰਨ ਵਾਲਿਆਂ ਦੀ ਹਾਜਰੀ ਵਿਚ ਕੱਢੇ ਗਏ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਬਣੀ ਨੀਤੀ ਅਨੁਸਾਰ ਇਹ ਡਰਾਅ ਕੱਢੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਡਰਾਅ ਲਈ ਜ਼ਿਲ੍ਹੇ ਵਿੱਚ 2105 ਅਰਜੀਆਂ ਆਈਆਂ ਸਨ, ਜਿੰਨ੍ਹਾਂ ਵਿੱਚੋਂ ਡਰਾਅ ਰਾਹੀਂ ਸ੍ਰੀ ਮੁਕਤਸਰ ਸਾਹਿਬ ਲਈ 15, ਮਲੋਟ ਲਈ 10 ਅਤੇ ਗਿੱਦੜਬਾਹਾ ਲਈ 5 ਆਰਜ਼ੀ ਲਾਇਸੰਸ ਜਾਰੀ ਕਰਨ ਲਈ ਲਾਭਪਾਤਰੀਆਂ ਦੀ ਚੋਣ ਕੀਤੀ ਗਈ ਹੈ। ਇਸ ਪ੍ਰਕਾਰ ਜ਼ਿਲ੍ਹੇ ਵਿਚ ਕੁੱਲ 30 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਹਲਕੇ ਲਈ ਮੰਡੀ ਲੱਖੇਵਾਲੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲੱਖੇਵਾਲੀ ਦੇ ਖੇਡ ਗਰਾਊਂਡ ਵਿੱਚ, ਮੰਡੀ ਬਰੀਵਾਲਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ, ਗੁਰੂ ਨਾਨਕ ਕਾਲਜ ਟਿੱਬੀ ਸਾਹਿਬ ਰੋਡ ਦੇ ਸਾਹਮਣੇ, ਕੈਨਾਲ ਕਲੌਨੀ ਬਠਿੰਡਾ ਰੋਡ, ਦਫ਼ਤਰ ਨਗਰ ਕੌਂਸਲ ਦੇ ਸਾਹਮਣੇ ਅਬੋਹਰ ਰੋਡ ਅਤੇ ਅਬੋਹਰ ਰੋਡ ’ਤੇ ਬਰਾੜ ਟਾਇਰਜ਼ ਦੇ ਸਾਹਮਣੇ ਮਾਰਕਿਟ ਕਮੇਟੀ ਦੀ ਜਗ੍ਹਾ ਪਟਾਖਿਆਂ ਦੀ ਵਿਕਰੀ ਲਈ ਨਿਰਧਾਰਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਹੀ ਹਲਕਾ ਮਲੋਟ ਲਈ ਪੁੱਡਾ ਕਲੋਨੀ ਮਲੋਟ (ਖਾਲੀ ਗਰਾਊਂਡ ਵਿੱਚ), ਪੰਚਾਇਤ ਮਾਰਕਿਟ ਨੇੜੇ ਚੌਂਕ ਪੰਨੀਵਾਲਾ ਫੱਤਾ (ਮਾਰਕਿਟ ਦੀਆਂ ਦੁਕਾਨਾਂ ਜੋ ਖਾਲੀ ਪਈਆਂ ਹਨ), ਦਸ਼ਮੇਸ਼ ਸਪੋਰਟਸ ਕਲੱਬ, ਥਾਣਾ ਲੰਬੀ ਦੇ ਨਾਲ (ਖਾਲੀ ਪਿਆ ਗਰਾਊਂਡ ਵਿੱਚ) ਅਤੇ ਮੰਡੀ ਕਿੱਲੀਆਂਵਾਲੀ, ਮੰਡੀ ਬੋਰਡ (ਦਾਣਾ ਮੰਡੀ ਵਿੱਚ ਸਬਜੀ ਮੰਡੀ ਵਾਲੀ ਜਗ੍ਹਾ) ਪਟਾਖਿਆਂ ਦੀ ਵਿਕਰੀ ਲਈ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਹਲਕਾ ਗਿੱਦੜਬਾਹਾ ’ਚ ਭਾਰੂ ਚੌਂਕ, ਨਜ਼ਦੀਕ ਸਮਸ਼ਾਨਘਾਟ ਦੇ ਨਾਲ ਲਗਦੇ ਡੀਏਵੀ ਸਕੂਲ ਦੇ ਬਣੇ ਸਟੇਡੀਅਮ, ਗਿੱਦੜਬਾਹਾ ਅਤੇ ਦੋਦਾ ਵਿਖੇ ਬੱਸ ਸਟੈਂਡ ਦੇ ਪਿਛਲੇ ਪਾਸੇ ਡੇਰਾ ਬਾਬਾ ਧਿਆਨ ਦਾਸ ’ਚ ਖਾਲੀ ਪਈ ਜਗ੍ਹਾ ਤੇ ਸੂਏ ਦੇ ਨਾਲ-ਨਾਲ ਵਾਲੀ ਜਗ੍ਹਾ ਪਟਾਖਿਆਂ ਦੀ ਵਿਕਰੀ ਲਈ ਨਿਰਧਾਰਿਤ ਕੀਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਰਜੀ ਲਾਇਸੈਂਸ ਧਾਰਕਾਂ ਨੂੰ ਸਾਰੇ ਸਰਕਾਰੀ ਨਿਯਮਾਂ ਦਾ ਪਾਲਣਾ ਕਰਨਾ ਲਾਜਮੀ ਹੋਵੇਗਾ ਅਤੇ ਜਾਰੀ ਕੀਤੇ ਇਨ੍ਹਾਂ ਆਰਜ਼ੀ ਲਾਇਸੰਸਾਂ ਦੀ ਮਿਆਦ 19 ਅਕਤੂਬਰ 2025 ਤੋਂ 21 ਅਕਤੂਬਰ 2025 ਅਤੇ 04 ਨਵੰਬਰ 2025 ਤੋਂ 05 ਨਵੰਬਰ 2025 ਤੱਕ ਹੈ। ਉਨ੍ਹਾਂ ਨੇ ਕਿਹਾ ਕਿ ਨਿਰਧਾਰਤ ਥਾਂਵਾਂ ਤੋਂ ਬਿਨ੍ਹਾਂ ਹੋਰ ਕਿਤੇ ਵੀ ਪਟਾਖਿਆਂ ਦੀ ਵਿਕਰੀ ਨਹੀਂ ਕੀਤੀ ਜਾ ਸਕੇਗੀ।